ਵਾਸ਼ਿੰਗਟਨ – ਅਮਰੀਕਾ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2 ਕਰੋੜ ਤੋਂ ਵੱਧ ਗਈ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 3,46,408 ਹੋ ਗਈ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮਸ ਸਾਇੰਸ ਐਂਡ ਇੰਜੀਨੀਅਰਿੰਗ ਦੇ ਅਨੁਸਾਰ, ਦੇਸ਼ ‘ਚ ਮਰੀਜ਼ਾਂ ਦੀ ਗਿਣਤੀ 9 ਨਵੰਬਰ ਨੂੰ 1 ਕਰੋੜ ਸੀ ਪਰ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ ਇਹ ਗਿਣਤੀ 2 ਕਰੋੜ ਤੋਂ ਵੱਧ ਗਈ ਹੈ।
ਦੱਸ ਦਈਏ ਅਮਰੀਕਾ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਹੈ ਜਿਸਦੇ ਚਲਦਿਆਂ ਇਕੱਲੇ ਕੈਲੀਫੋਰਨੀਆ ‘ਚ ਹੀ ਸਾਲ ਦੇ ਪਹਿਲੇ ਦਿਨ 585 ਲੋਕਾਂ ਦੀ ਮੌਤ ਹੋ ਗਈ ਸੀ। ਸੂਬਾਈ ਸਿਹਤ ਮੰਤਰਾਲੇ ਦੇ ਅਨੁਸਾਰ ਬੀਤੇ ਸ਼ੁੱਕਰਵਾਰ ਨੂੰ ਸੂਬੇ ‘ਚ 47 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਸਨ। ਮਹਾਂਮਾਰੀ ਦੇ ਮਰੀਜ਼ਾਂ ਦੀ ਗਿਣਤੀ ਕੈਲੀਫੋਰਨੀਆ, ਟੈਕਸਾਸ ‘ਚ ਕ੍ਰਮਵਾਰ 22,97,336ਤੇ 17,66,791 ਹੈ, ਜਦਕਿ ਫਲੋਰੀਡਾ ‘ਚ ਇਹ ਗਿਣਤੀ 13,23,315 ਹੈ। ਨਾਲ ਹੀ ਦੁਨੀਆ ਦੇ 23 ਪ੍ਰਤੀਸ਼ਤ ਮਰੀਜ਼ ਇਕੱਲੇ ਅਮਰੀਕਾ ‘ਚ ਹਨ।
ਇਸਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੀਕਾਕਰਨ ਮੁਹਿੰਮ ਇੰਨੀ ਹੌਲੀ ਹੋਣ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਟਰੰਪ ਨੇ ਟਵੀਟ ‘ਚ ਕਿਹਾ ਹੈ ਕਿ ਸੰਘੀ ਸਰਕਾਰ ਵੱਲੋਂ ਵੱਡੀ ਗਿਣਤੀ ‘ਚ ਟੀਕੇ ਮੁਹੱਈਆ ਕਰਵਾਏ ਜਾਣ ਦੇ ਬਾਵਜੂਦ ਵੀ, ਕੁਝ ਸੂਬਿਆਂ ‘ਚ ਟੀਕਾਕਰਨ ਮੁਹਿੰਮ ਹੌਲੀ ਚੱਲ ਰਹੀ ਹੈ। ਅਮਰੀਕਾ ‘ਚ ਟੀਕਾਕਰਨ ਦੀ ਮੁਹਿੰਮ ਦੀ ਸ਼ੁਰੂਆਤ 14 ਦਸੰਬਰ ਨੂੰ ਹੋਈ ਸੀ। ਅਮਰੀਕਾ ‘ਚ ਬਾਇਓਨੋਟੈਕ ਤੇ ਮਾਡਰਨਾ ਕੋਰਨਾ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ।