ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ’ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਇਸ ਕੇਸ ’ਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਅਦਾਲਤ ਨੂੰ ਇੱਕ ਹੋਰ ਰਿਪੋਰਟ ਸੌਂਪੀ ਹੈ। ਇਸ ਰਿਪੋਰਟ ’ਚ ਮਾਮਲੇ ਨਾਲ ਜੁੜੇ ਕਈ ਅਹਿਮ ਸਬੂਤ ਅਤੇ ਤੱਥ ਸ਼ਾਮਲ ਹਨ। ਫਿਲਹਾਲ, ਰਿਪੋਰਟ ਨੂੰ ਸੀਲਬੰਦ ਰੱਖਿਆ ਗਿਆ ਹੈ। ਇਸ ਮਾਮਲੇ ’ਚ ਅਗਲੀ ਸੁਣਵਾਈ 28 ਅਗਸਤ 2025 ਨੂੰ ਹੋਵੇਗੀ।
SIT ਦੀ ਜਾਂਚ ਅਤੇ ਸਸਪੈਂਸ਼ਨ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ’ਤੇ ਗਠਿਤ SIT ਨੇ 7 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਲਾਪਰਵਾਹੀ ਦਾ ਦੋਸ਼ੀ ਮੰਨਿਆ ਸੀ। ਇਸ ਦੇ ਬਾਅਦ ਸਾਰਿਆਂ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।
SIT ਦੀ ਰਿਪੋਰਟ ਮੁਤਾਬਕ, ਗੈਂਗਸਟਰ ਲਾਰੈਂਸ ਦੇ ਦੋ ਇੰਟਰਵਿਊ ਵਾਇਰਲ ਹੋਏ ਸਨ। ਪਹਿਲਾ ਇੰਟਰਵਿਊ 3 ਅਤੇ 4 ਸਤੰਬਰ 2023 ਨੂੰ ਹੋਇਆ, ਜਦੋਂ ਲਾਰੈਂਸ ਪੰਜਾਬ ਦੇ ਖਰੜ ਸਥਿਤ CIA ’ਚ ਸੀ। ਦੂਜਾ ਇੰਟਰਵਿਊ ਰਾਜਸਥਾਨ ਦੀ ਜੈਪੁਰ ਸਥਿਤ ਸੈਂਟਰਲ ਜੇਲ੍ਹ ’ਚ ਹੋਇਆ।
ਖਰੜ ਜੇਲ੍ਹ ਤੋਂ ਵਾਇਰਲ ਇੰਟਰਵਿਊ
ਪਹਿਲਾ ਇੰਟਰਵਿਊ, ਜੋ 14 ਮਾਰਚ 2023 ਨੂੰ ਪ੍ਰਸਾਰਿਤ ਹੋਇਆ, ਜਿਸ ’ਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਕਿਹਾ ਸੀ ਕਿ ਮੂਸੇਵਾਲਾ ਗਾਇਕੀ ਦੀ ਬਜਾਏ ਗੈਂਗਵਾਰ ’ਚ ਸ਼ਾਮਲ ਹੋ ਰਿਹਾ ਸੀ ਅਤੇ ਉਸ ਦੇ ਕਾਲਜ ਮਿੱਤਰ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੇ ਕਤਲ ’ਚ ਵੀ ਮੂਸੇਵਾਲਾ ਦਾ ਹੱਥ ਸੀ। SIT ਦੀ ਰਿਪੋਰਟ ਮੁਤਾਬਕ, ਇਹ ਇੰਟਰਵਿਊ ਉਸ ਨੇ CIA ਦੀ ਹਿਰਾਸਤ ’ਚੋਂ ਦਿੱਤਾ ਸੀ।
ਜੇਲ੍ਹ ’ਚੋਂ ਮੋਬਾਈਲ ’ਤੇ ਕੀਤੀ ਗੱਲਬਾਤ
ਦੂਜੇ ਇੰਟਰਵਿਊ ’ਚ ਲਾਰੈਂਸ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਦੇਣ ਦਾ ਸਬੂਤ ਵੀ ਦਿੱਤਾ। ਉਸ ਨੇ ਆਪਣੀ ਬੈਰਕ ਵਿਖਾਈ ਅਤੇ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ, ਪਰ ਮੋਬਾਈਲ ਅਤੇ ਸਿਗਨਲ ਉਸ ਤੱਕ ਪਹੁੰਚ ਜਾਂਦੇ ਸਨ। ਲਾਰੈਂਸ ਨੇ ਕਿਹਾ ਕਿ ਰਾਤ ਨੂੰ ਜੇਲ੍ਹ ਦੇ ਗਾਰਡ ਬਹੁਤ ਘੱਟ ਆਉਂਦੇ-ਜਾਂਦੇ ਸਨ, ਜਿਸ ਕਾਰਨ ਉਹ ਰਾਤ ਨੂੰ ਕਾਲ ਕਰ ਲੈਂਦਾ ਸੀ।
ਲਾਰੈਂਸ ਨੇ ਦੱਸਿਆ ਕਿ ਮੋਬਾਈਲ ਬਾਹਰੋਂ ਜੇਲ੍ਹ ’ਚ ਸੁੱਟੇ ਜਾਂਦੇ ਸਨ। ਕਈ ਵਾਰ ਜੇਲ੍ਹ ਸਟਾਫ਼ ਇਨ੍ਹਾਂ ਨੂੰ ਫੜ ਲੈਂਦਾ ਸੀ, ਪਰ ਜ਼ਿਆਦਾਤਰ ਮੋਬਾਈਲ ਉਸ ਤੱਕ ਪਹੁੰਚ ਜਾਂਦੇ ਸਨ।
ਪੰਜਾਬ DGP ਦਾ ਦਾਅਵਾ
ਇੰਟਰਵਿਊ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ’ਤੇ ਸਵਾਲ ਉੱਠੇ ਸਨ। ਇਸ ਦੇ ਜਵਾਬ ’ਚ ਪੰਜਾਬ ਦੇ DGP ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ’ਚ ਦਾਅਵਾ ਕੀਤਾ ਸੀ ਕਿ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਵੀ ਜੇਲ੍ਹ ’ਚੋਂ ਨਹੀਂ ਹੋਇਆ। ਉਨ੍ਹਾਂ ਨੇ ਲਾਰੈਂਸ ਦੀਆਂ ਦੋ ਤਸਵੀਰਾਂ ਵਿਖਾਉਂਦੇ ਹੋਏ ਕਿਹਾ ਸੀ ਕਿ ਜਦੋਂ ਲਾਰੈਂਸ ਨੂੰ ਬਠਿੰਡਾ ਜੇਲ ਲਿਆਂਦਾ ਗਿਆ ਸੀ, ਉਦੋਂ ਉਸ ਦੇ ਵਾਲ ਕੱਟੇ ਹੋਏ ਸਨ ਅਤੇ ਦਾੜ੍ਹੀ-ਮੁੱਛ ਨਹੀਂ ਸੀ।