ਨਵੀਂ ਦਿੱਲੀ : ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੇ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ‘ਚ ਹੀ ਕਾਨੂੰਨ ਮੰਤਰਾਲੇ ਦੇ ਇੱਕ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਸ਼ਾਸਤਰੀ ਭਵਨ ਦੀ ਚੌਥੀ ਮੰਜ਼ਿਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਸਰਕਾਰੀ ਇਮਾਰਤ ਵਿੱਚ ਕਈ ਮੰਤਰਾਲਿਆਂ ਦੇ ਦਫ਼ਤਰ ਹਨ। ਇਹ ਲੁਟੀਅਨਜ਼ ਜ਼ੋਨ ਵਿਚ ਸਥਿਤ ਦੂਜੀ ਸਰਕਾਰੀ ਇਮਾਰਤ ਹੈ ਜਿਸ ਦੇ ਇਕ ਹਿੱਸੇ ਕੋਰੋਨਾ ਸੰਕਰਮਿਤ ਮਰੀਜ਼ ਮਿਲਣ ਤੋਂ ਬਾਅਦ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਜਦ ਕਿ ਨੀਤੀ ਆਯੋਗ ਦੀ ਇਮਾਰਤ ਨੂੰ ਪਿਛਲੇ ਮਹੀਨੇ ਕੋਰੋਨਾ ਸੰਕਰਮਿਤ ਮਰੀਜ਼ ਮਿਲਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਕਾਨੂੰਨ ਮੰਤਰਾਲੇ ਦਾ ਇੱਕ ਅਧਿਕਾਰੀ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਹੈ। ਇਸ ਮੰਤਰਾਲੇ ਦਾ ਦਫਤਰ ਸ਼ਾਸਤਰੀ ਭਵਨ ਦੀ ਚੌਥੀ ਮੰਜ਼ਲ ‘ਤੇ ਹੈ। ਸਿਹਤ ਵਿਭਾਗ ਵੱਲੋਂ ਉਕਤ ਅਧਿਕਾਰੀ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਨੀਤੀ ਆਯੋਜਨ ਤੋਂ ਪਹਿਲਾਂ ਰਾਜੀਵ ਗਾਂਧੀ ਭਵਨ ਵਿਖੇ ਕੋਰੋਨਾ ਵਾਇਰਸ ਦੇ ਦੋ ਕੇਸਾਂ ਦੇ ਮਿਲਣ ਤੋਂ ਬਾਅਦ ਇਮਾਰਤ ਨੂੰ ਸੀਲ ਕੀਤਾ ਗਿਆ ਸੀ। ਹਾਲ ਹੀ ‘ਚ ਸੀਆਰਪੀਐਫ ਦੇ ਮੁੱਖ ਦਫਤਰ ਅਤੇ ਬੀਐਸਐਫ ਦੇ ਹੈੱਡਕੁਆਰਟਰ ਦੇ ਇੱਕ ਹਿੱਸੇ ਨੂੰ ਵੀ ਕੋਰੋਨਾ ਸੰਕਰਮਿਤ ਮਰੀਜ਼ ਮਿਲਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ। ਇਹ ਸਾਰੀਆਂ ਇਮਾਰਤਾਂ ਰਾਸ਼ਟਰੀ ਰਾਜਧਾਨੀ ਦੇ ਸੀਜੀਓ ਕੰਪਲੈਕਸ ਵਿਚ ਹਨ।
ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ‘ਚ ਹੁਣ ਤੱਕ ਕੋਰੋਨਾ ਦੇ 4500 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 64 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਦ ਕਿ ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 46,000 ਤੋਂ ਟੱਪ ਗਈ ਹੈ ਤੇ 1550 ਤੋਂ ਵੱਧ ਲੋਕ ਕੋਰੋਨਾ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।