ਕੇਂਦਰੀ ਜੇਲ ਵਿਖੇ ਮਹਿਲਾ ਬੰਦੀਆ ਲਈ ਸਿਖਲਾਈ ਕੋਰਸ ਦੀ ਸ਼ੁਰੂਆਤ

TeamGlobalPunjab
2 Min Read

ਪਟਿਆਲਾ: ਕੇਂਦਰੀ ਜੇਲ ਪਟਿਆਲਾ ਵਿਖੇ ਨਜ਼ਰਬੰਦ ਮਹਿਲਾ ਬੰਦੀਆਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਐਸ.ਬੀ.ਆਈ. ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਕੇਂਦਰ ਵੱਲੋਂ ਆਚਾਰ ਬਨਾਉਣ ਦੀ ਸਿਖਲਾਈ ਦੇਣ ਦੇ 6 ਦਿਨਾਂ ਕੋਰਸ ਦੀ ਸਿਖਲਾਈ ਦੀ ਸ਼ੁਰੂਆਤ ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਰਵਾਈ।

ਨੰਦਗੜ੍ਹ ਨੇ ਕਿਹਾ ਕਿ ਆਚਾਰ ਬਨਾਉਣ ਦੀ ਸਿਖਲਾਈ ਜਿਥੇ ਨਜ਼ਰਬੰਦ ਮਹਿਲਾ ਬੰਦੀਆਂ ਨੂੰ ਜੇਲ ਅੰਦਰ ਕੁਝ ਨਵਾਂ ਸਿਖਣ ‘ਚ ਸਹਾਈ ਹੋਵੇਗੀ, ਉਥੇ ਹੀ ਰਿਹਾਈ ਤੋਂ ਬਾਅਦ ਸਵੈ ਰੋਜ਼ਗਾਰ ਸ਼ੁਰੂ ਕਰਨ ‘ਚ ਵੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਜੇਲ ਪ੍ਰਸਾਸ਼ਨ ਵੱਲੋਂ ਕੇਂਦਰੀ ਜੇਲ ਪਟਿਆਲਾ ‘ਚ ਬੰਦੀਆ ਵੱਲੋਂ ਬਣਾਏ ਜਾ ਰਹੇ ਸਮਾਨ ਨੂੰ ਵੇਚਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜਲਦੀ ਹੀ ਬਾਹਰ ਸਟਾਲ ਲਗਾਕੇ ਸਮਾਨ ਦੀ ਵਿੱਕਰੀ ਸ਼ੁਰੂ ਕੀਤੀ ਜਾਵੇਗੀ ਅਤੇ ਆਰਸੇਟੀ ਵੱਲੋਂ ਲਗਾਏ ਜਾਂਦੇ ਬਾਜ਼ਾਰ ਵਿੱਚ ਵੀ ਜੇਲ ਅੰਦਰ ਬਣੇ ਸਮਾਨ ਨੂੰ ਭੇਜਿਆ ਜਾਵੇਗਾ।

ਉਨ੍ਹਾਂ ਆਰਸੇਟੀ ਵੱਲੋਂ ਸ਼ੁਰੂ ਕੀਤੇ ਗਏ ਇਸ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਪ੍ਰੋਗਰਾਮ ਜਿਥੇ ਬੰਦੀਆਂ ‘ਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ, ਉਥੇ ਹੀ ਬੰਦੀਆ ਨੂੰ ਸਮਾਜ ਦੀ ਮੁਖਧਾਰਾ ਨਾਲ ਜੋੜਨ ‘ਚ ਸਹਾਈ ਹੁੰਦੇ ਹਨ। ਉਨ੍ਹਾਂ ਮਹਿਲਾ ਬੰਦੀਆ ਨੂੰ ਸਿਖਲਾਈ ਕੋਰਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।

ਆਰਸੇਟੀ ਦੇ ਡਾਇਰੈਕਟਰ ਰਾਜੀਵ ਸਰਹਿੰਦੀ ਨੇ ਕਿਹਾ ਕਿ ਸੰਸਥਾਂ ਵੱਲੋਂ ਸਮਾਜ ਦੇ ਹਰੇਕ ਵਰਗ ਨੂੰ ਆਤਮ ਨਿਰਭਰ ਬਣਾਉਣ ਲਈ ਅਜਿਹੇ ਸਿਖਲਾਈ ਕੋਰਸ ਲਗਾਤਾਰ ਕਰਵਾਏ ਜਾਂਦੇ ਹਨ, ਜਿਥੋ ਸਿਖਲਾਈ ਪ੍ਰਾਪਤ ਕਰਕੇ ਪਿੰਡਾਂ ਦੀਆਂ ਔਰਤਾਂ ਆਤਮ ਨਿਰਭਰ ਹੋਈਆ ਹਨ। ਉਨ੍ਹਾਂ ਕਿਹਾ ਕਿ ਆਰਸੇਟੀ ਵੱਲੋਂ ਸਵੈ ਰੋਜ਼ਗਾਰ ਨੂੰ ਉਤਸ਼ਾਹਤ ਕਰਨ ਲਈ ਹਰੇਕ ਵੀਰਵਾਰ ਵੱਖਰੇ ਤੌਰ ‘ਤੇ ਬਾਜ਼ਾਰ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਬੰਦੀਆ ਨੂੰ ਸਿਖਲਾਈ ਕੋਰਸ ਦੌਰਾਨ ਸੀਜ਼ਨਲ ਸਬਜੀਆ ਦੇ ਆਚਾਰ ਤੋਂ ਇਲਾਵਾ ਅੰਬ, ਮਿਰਚਾਂ, ਨਿੰਬੂ ਆਦਿ ਦੇ ਆਚਾਰ ਬਣਾਉਣ ਦੀ ਸਿਖਲਾਈ ਵੀ ਦਿੱਤੀ ਜਾਵੇਗੀ।

Share This Article
Leave a Comment