ਚੰਡੀਗੜ੍ਹ :CM ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਬਾਰੇ ਦੇਸ਼- ਦੁਨਿਆ ਨੂੰ ਜਾਣੂ ਕਰਵਾਉਣ, ਸੂਬੇ ਵਿਚ ਸੈਰ ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਹੁਣ ਪੰਜਾਬ ਸਰਕਾਰ ਇੱਥੋਂ ਦੀ ਅਮੀਰ ਵਿਰਾਸਤ ਅਤੇ ਸਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਨ ਲਈ ਵਿਰਾਸਤੀ ਮੇਲਿਆਂ ਦਾ ਧੂਮ ਧਾਮ ਨਾਲ ਆਯੋਜਨ ਕਰੇਗੀ। ਇਹ ਜਾਣਕਾਰੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਵਾਰਤਾ ਦੌਰਾਨ ਸਾਂਝੀ ਕੀਤੀ।
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਲੇਬਰ, ਪ੍ਰਾਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਤੋਂ ਦੁਨੀਆ ਨੂੰ ਜਾਣੂ ਕਰਵਾਉਣ, ਸੂਬੇ ਵਿੱਚ ਸੈਰ ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਸੂਬੇ ਵਿੱਚ ਸਾਲ ਭਰ ਵਿਰਾਸਤੀ ਮੇਲਿਆਂ ਅਤੇ ਤਿਉਹਾਰਾਂ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਸੂਬਾ ਸਰਕਾਰ ਵਲੋਂ ਸੈਰ ਸਪਾਟਾ ਖੇਤਰ ‘ਚ ਨਵੀਂ ਪਹਿਲਕਦਮੀਆਂ ਉਲੀਕਿਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨਾਲ ਸੂਬੇ ਵਿੱਚ ਸਾਲ ਭਰ 22 ਮੇਲੇ ਕਰਵਾਏ ਜਾਣਗੇ। ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਫੈਸਟੀਵਲ, ਫਿਰੋਜ਼ਪੁਰ ਵਿਖੇ ਬਸੰਤ ਫੈਸਟੀਵਲ, ਜਨਵਰੀ ਵਿਚ ਕਪੂਰਥਲਾ ਹੈਰੀਟੇਜ ਫੈਸਟੀਵਲ ਹੋਵੇਗਾ । ਇਸ ਤੋਂ ਇਲਾਵਾ ਤੋਂ ਲੁਧਿਆਣਾ ਵਿਖੇ ਕਿਲਾ ਰਾਏਪੁਰ ਦਿਹਾਤੀ ਓਲੰਪਿਕ ਹੋਵੇਗਾ। ਉਨ੍ਹਾ ਕਿਹਾ ਕਿ ਬਠਿੰਡਾ ‘ਚ ਵਿਰਾਸਤੀ ਮੇਲਾ ਅਤੇ ਵਿਸਾਖੀ ਮੇਲਾ, ਮਾਰਚ ‘ਚ ਪਟਿਆਲਾ ‘ਚ ਹੈਰੀਟੇਜ ਫੈਸਟੀਵਲ, ਮਾਰਚ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੋਹਲਾ, ਅਗਸਤ ਵਿੱਚ ਸੰਗਰੂਰ ਵਿਖੇ ਤੀਆਂ ਦਾ ਮੇਲਾ, ਸਤੰਬਰ ਵਿੱਚ ਐਸ.ਬੀ.ਐਸ.ਨਗਰ ਵਿਖੇ ਇੰਨਕਲਾਬ ਫੈਸਟੀਵਲ, ਮਾਨਸਾ ਵਿਖੇ ਮਾਲਵਾ ਦੇ ਸੱਭਿਆਚਾਰ ਅਤੇ ਪਕਵਾਨਾਂ ਨੂੰ ਉਜਾਗਰ ਕਰਨ ਵਾਲਾ ਦੂਨ ਫੈਸਟੀਵਲ, ਫਾਜ਼ਿਲਕਾ ਵਿਖੇ ਪੰਜਾਬ ਹੈਂਡੀਕਰਾਫਟ ਫੈਸਟੀਵਲ, ਨਵੰਬਰ ਵਿੱਚ ਜਲੰਧਰ ਵਿਖੇ ਘੋੜਸਵਾਰ ਮੇਲਾ, ਚੰਡੀਗੜ੍ਹ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ, ਪਠਾਨਕੋਟ ਵਿਖੇ ਦਰਿਆਵਾਂ ਦਾ ਮੇਲਾ, ਮਾਲੇਰਕੋਟਲਾ ਵਿਖੇ ਸੂਫੀ ਫੈਸਟੀਵਲ ਆਦਿ ਮੇਲੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਉਜਾਗਰ ਕਰਨਗੇ ।
ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਨਿਹੰਗ ਓਲੰਪਿਕ’ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਰਨਤਾਰਨ ‘ਚ ਦਾਰਾ ਸਿੰਘ ਛਿੰਝ ਓਲੰਪਿਕ ਦੀ ਸਰੂਆਤ ਹੋਵੇਗੀ ਜਿਸ ਵਿੱਚ ਜੇਤੂ ਨੂੰ ਸੂਬਾ ਸਰਕਾਰ ਵੱਲੋ ਕੈਸ਼ ਇਨਾਮ ਤੇ ਰੁਸਤਮੇ-ਏ-ਪੰਜਾਬ ਦਾ ਖਿਤਾਬ ਦਿੱਤਾ ਜਾਵੇਗਾ। ਰੋਪੜ ਅਤੇ ਪਠਾਨਕੋਟ ਵਿੱਚ ਸਾਲਾਨਾ ਐਡਵੇਂਚਰ ਸਪੋਰਟਸ ਵੀ ਸ਼ੁਰੂ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਪਹਿਲਾ ‘ਸਰਦਾਰ ਹਰੀ ਸਿੰਘ ਨਲਵਾ ਜੋਸ਼ ਫੈਸਟੀਵਲ ਸ਼ੂਰੂ ਕੀਤਾ ਜਾਵੇਗਾ ਜੋਕਿ ਪੰਜਾਬੀਆਂ ਦੀ ਬਹਾਦਰੀ ਨੂੰ ਉਜਾਗਰ ਕਰੇਗਾ। ਮੰਤਰੀ ਨੇ ਦੱਸਿਆ ਕਿ ਜਨਵਰੀ ਵਿਚ ਅੰਮ੍ਰਿਤਸਰ ਵਿਖੇ ਰੰਗਲਾ ਪੰਜਾਬ ਤਿਉਹਾਰ ਹੋਵੇਗਾ ਜਿਸ ਵਿਚ ਪੰਜਾਬੀ ਸੱਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਇੱਕ ਥਾਂ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਜਿਸ ਵਿੱਚ ਉੱਘੇ ਨਾਵਲਕਾਰ ਅਤੇ ਕਵੀ ਹਿੱਸਾ ਲੈਣਗੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.