ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਿਹਤਮੰਦ ਪੰਜਾਬ ਤਹਿਤ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਨੇ ਆਮ ਆਦਮੀ ਜ਼ਿੰਦਗੀ ‘ਚ ਵੱਡੇ ਪੱਧਰ ‘ਤੇ ਬਦਲਾਅ ਕੀਤਾ ਹੈ। “ਸੀ ਐਮ ਦੀ ਯੋਗਸ਼ਾਲਾ” ਪਿਛਲੀਆਂ ਸਰਕਾਰਾਂ ਦੇ ਵਾਂਗ ਕੋਈ ਸਿਆਸੀ ਸਮਾਗਮ ਨਹੀਂ ਰਚਿਆ ਗਿਆ ਸਗੋਂ ਇਸ ਮੁਹਿੰਮ ਦਾ ਇੱਕੋ-ਇੱਕ ਉਦੇਸ਼ ਹੈ ਕਿ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਬਾਰੇ ਪ੍ਰੇਰਿਤ ਕਰਕੇ ਪੰਜਾਬ ਨੂੰ ਸਿਹਤਮੰਦ ਅਤੇ ਰੰਗਲਾ ਸੂਬਾ ਬਣਾਉਣਾ ਹੈ।
ਪਟਿਆਲਾ ਤੋਂ ਹੋਈ “ਸੀ.ਐਮ ਦੀ ਯੋਗਸ਼ਾਲਾ” ਦੀ ਸ਼ੁਰੂਆਤ
5 ਅਪ੍ਰੈਲ 2023 ਨੂੰ ਪਟਿਆਲਾ ਤੋਂ “ਸੀ.ਐਮ ਦੀ ਯੋਗਸ਼ਾਲਾ” ਦੀ ਸ਼ੁਰੂਆਤ ਹੋਈ ਸੀ। ‘ਸੀ. ਐੱਮ. ਦੀ ਯੋਗਸ਼ਾਲਾ’ ਦੇ ਉਦਘਾਟਨੀ ਪ੍ਰੋਗਰਾਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਤੌਰ ‘ਤੇ ਪਹੁੰਚੇ ਸੀ ਤੇ ਉਨ੍ਹਾਂ ਵੱਲੋਂ ‘ਸੀ. ਐੱਮ. ਦੀ ਯੋਗਸ਼ਾਲਾ’ ਸ਼ੁਰੂਆਤ ਕਰਕੇ ਪੰਜਾਬ ਨੂੰ ਸਿਹਤਮੰਦ ਅਤੇ ਰੰਗਲਾ ਸੂਬਾ ਬਣਾਉਣ ਦਾ ਟੀਚਾ ਸਥਾਪਤ ਕੀਤਾ ਗਿਆ ਸੀ।
ਟੋਲ ਫ੍ਰੀ ਨੰਬਰ ਕੀਤਾ ਜਾਰੀ
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ “ਸੀ.ਐਮ ਦੀ ਯੋਗਸ਼ਾਲਾ” ਦਾ ਮੁੱਢਲਾ ਮੰਤਵ ਪੰਜਾਬ ਨੂੰ ਸਿਹਤਮੰਦ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਬਣਾਉਣ ਲਈ ਯੋਗ ਨੂੰ ਜਨਤਕ ਮੁਹਿੰਮ ਬਣਾਉਣਾ ਹੈ। ਇਸੇ ਤਹਿਤ ਹੁਣ ਲੋਕ ਮੁਫ਼ਤ ਵਿਚ ਯੋਗ ਸਿਖਲਾਈ ਲੈਣ ਲਈ ਲੋਕ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in ਉਤੇ ਲਾਗਇਨ ਕਰ ਸਕਦੇ ਹਨ।
ਤਿੰਨ ਪੜਾਅ ‘ਚ ਕੀਤੀ ਸ਼ੁਰੂਆਤ
“ਸੀ.ਐਮ ਦੀ ਯੋਗਸ਼ਾਲਾ” ਦੀ ਸ਼ੁਰੂਆਤ ਤਿੰਨ ਪੜਾਅ ‘ਚ ਕੀਤੀ ਗਈ ਹੈ। ਪਹਿਲਾ ਪੜਾਅ 5 ਅਪ੍ਰੈਲ, 2023 ਨੂੰ 4 ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਲਾਂਚ ਕੀਤਾ ਗਿਆ ਸੀ। ਉੱਥੇ ਹੀ ਦੂਜਾ ਪੜਾਅ 20 ਜੂਨ, 2023 ਨੂੰ 5 ਸ਼ਹਿਰਾਂ ਜਲੰਧਰ, ਹੁਸ਼ਿਆਰਪੁਰ, ਐਸ.ਏ.ਐਸ.ਨਗਰ (ਮੁਹਾਲੀ), ਸੰਗਰੂਰ ਅਤੇ ਬਠਿੰਡਾ ਵਿਖੇ ਸ਼ੁਰੂ ਕੀਤਾ ਗਿਆ।
ਇਹ ਸਾਰੇ ਪੜਾਅ ਸੰਯੁਕਤ ਰੂਪ ਵਿੱਚ ਪੰਜਾਬ ਰਾਜ ਦੇ ਸਾਰੇ ਪ੍ਰਮੁੱਖ ਸ਼ਹਿਰਾਂ/ ਮੁੱਖ ਜ਼ਿਲ੍ਹਾ ਦਫ਼ਤਰਾਂ ਨੂੰ ਕਵਰ ਕਰਨਗੇ। ਪਹਿਲੇ ਅਤੇ ਦੂਜੇ ਪੜਾਅ ਵਿੱਚ ਹਰ ਦਿਨ 300 ਤੋਂ ਜ਼ਿਆਦਾ ਕਲਾਸਾਂ ਆਯੋਜਿਤ ਕੀਤੀਆਂ ਗਈਆਂ ਅਤੇ 10,000 ਤੋਂ ਜ਼ਿਆਦਾ ਨਾਗਰਿਕ ਯੋਗ ਦਾ ਅਭਿਆਸ ਕਰ ਪਾ ਰਹੇ ਹਨ। “ਸੀ.ਐਮ.ਦੀ ਯੋਗਸ਼ਾਲਾ” ਦੇ ਰਾਹੀਂ ਲੋਕਾਂ ਨੂੰ ਉਨ੍ਹਾਂ ਦੁਆਰਾ ਚੁਣੇ ਗਏ ਥਾਵਾਂ ਤੇ ਜਿਵੇਂ ਕਿ ਪਾਰਕ/ ਜਨਤਕ ਥਾਂ ਤੇ ਮੁਫ਼ਤ ਯੋਗ ਸਿੱਖਿਆ ਦਿੱਤੀ ਜਾਵੇਗੀ। ਜੇ ਕਿਸੇ ਵੀ ਵਿਅਕਤੀ ਦੇ ਕੋਲ ਯੋਗ ਕਲਾਸ ਕਰਨ ਦੀ ਥਾਂ ਉਪਲਬਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ ਤਾਂ ਪੰਜਾਬ ਸਰਕਾਰ ਯੋਗ ਟ੍ਰੇਂਡ ਇੰਸਟ੍ਰਕਟਰ ਘਰ ਭੇਜੇਗੀ। ਜੇਕਰ ਲੋਕ ਚਾਹੁਣ ਤਾਂ ਉਹ ਖੁਦ/ਇੱਕ ਵਿਅਕਤੀ ਲਈ ਵੀ ਪੰਜੀਕਰਨ ਕਰ ਸਕਣਗੇ।
ਫਾਜ਼ਿਲਕਾ
ਫਾਜ਼ਿਲਕਾ ਅੰਦਰ 5 ਹਜਾਰ ਤੋਂ ਵੱਧ ਲੋਕਾਂ ਨੇ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ। ਜ਼ਿਲ੍ਹਾ ਫਾਜ਼ਿਲਕਾ ਅੰਦਰ 145 ਥਾਵਾਂ ‘ਤੇ ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਚੱਲ ਰਹੀ ਹੈ। ਫਾਜ਼ਿਲਕਾ ਵਿਖੇ 9, ਅਬੋਹਰ ਵਿਖੇ 10 ਅਤੇ ਖੂਈਆਂ ਸਰਵਰ, ਅਰਨੀਵਾਲਾ ਤੇ ਜਲਾਲਾਬਾਦ ਵਿਖੇ 2-2 ਯੋਗਾ ਟ੍ਰੇਨਰਾਂ ਵੱਲੋਂ ਯੋਗਾ ਕਰਵਾਇਆ ਜਾ ਰਿਹਾ ਹੈ।
ਮੋਹਾਲੀ
ਮੋਹਾਲੀ ਦੇ ਸੈਕਟਰ 68, 69, 70 ਤੇ 78 ’ਚ ਰੋਜ਼ਾਨਾ 6 ਯੋਗਾ ਸੈਸ਼ਨ ਸਵੇਰ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ 150 ਤੋਂ ਵਧੇਰੇ ਸ਼ਹਿਰ ਵਾਸੀ ਸ਼ਾਮਿਲ ਹੋ ਕੇ ਆਪਣੀ ਜੀਵਨ ਸ਼ੈਲੀ ਨੂੰ ਚੁਸਤ-ਦਰੁਸਤ ਕਰ ਰਹੇ ਹਨ। ਮੋਹਾਲੀ ’ਚ ਸੈਕਟਰ 80 ਦੇ ਐਕਸਟੈਨਸ਼ਨ ਪਾਰਕ ਵਿਖੇ ਸਵੇਰ ਅਤੇ ਸ਼ਾਮ, ਸੈਕਟਰ 99 ਦੀ ਵਨ ਰਾਈਜ਼ ਸੁਸਾਇਟੀ, ਸੈਕਟਰ 105 ਦੀ ਐਮ ਆਰ ਸੁਸਾਇਟੀ, ਸੈਕਟਰ 85 ਦੀ ਵੇਵ ਐਸਟੇਟ ਅਤੇ ਸੈਕਟਰ 80 ਦੇ ਗੋਲਡਨ ਟੋਨ ਸੁਸਾਇਟੀ ’ਚ ਰੋਜ਼ਾਨਾ 150 ਤੋਂ 200 ਲੋਕ ਰੋਜ਼ਾਨਾ ਯੋਗ ਸਿੱਖਣ ਆਉਂਦੇ ਹਨ।