ਸ੍ਰੀ ਮਨੀਕਰਨ ਸਾਹਿਬ ਨੇੜ੍ਹੇ ਕੁਦਰਤੀ ਕਹਿਰ, ਕਈ ਮੌਤਾਂ ਦੀ ਖਬਰ

Global Team
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਨੇੜੇ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਢਿੱਗਾ ਡਿੱਗਣ ਕਾਰਨ ਇੱਕ ਵੱਡਾ ਦਰੱਖਤ ਕਈ ਵਾਹਨਾਂ ‘ਤੇ ਡਿੱਗ ਪਿਆ, ਜਿਸ ਨਾਲ ਇਹ ਹਾਦਸਾ ਵਾਪਰਿਆ।

ਮ੍ਰਿਤਕਾਂ ਵਿੱਚ ਰਮੇਸ਼ (ਬੰਗਲੂਰੂ), ਪੱਲਵੀ ਭਾਰਗਵ, ਰੀਨਾ, ਵਰਸ਼ਿਨੀ (ਸਭ ਮਨੀਕਰਨ ਨਿਵਾਸੀ), ਸਮੀਰ ਔਰੰਗ (ਨੇਪਾਲ) ਅਤੇ ਇੱਕ ਅਣਪਛਾਤਾ ਵਿਅਕਤੀ, ਜਿਸ ਦੇ ਪੰਜਾਬ ਤੋਂ ਹੋਣ ਦੀ ਸੰਭਾਵਨਾ ਹੈ, ਸ਼ਾਮਲ ਹਨ। ਤਿੰਨ ਮ੍ਰਿਤਕਾਂ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ।

ਕਈ ਵਿਅਕਤੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਕੁੱਲੂ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਮੌਕੇ ‘ਤੇ ਡਾਕਟਰਾਂ ਦੀ ਟੀਮ ਨੇ ਪਹੁੰਚ ਕੇ ਜ਼ਖ਼ਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ।

ਪ੍ਰਸ਼ਾਸਨ ਦੀ ਕਾਰਵਾਈ

ਕੁੱਲੂ ਦੇ ਐੱਸਡੀਐੱਮ ਵਿਕਾਸ ਸ਼ੁਕਲਾ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਮਾਲ ਵਿਭਾਗ, ਪੁਲੀਸ ਅਤੇ ਅੱਗ ਬੁਝਾਊ ਟੀਮ ਵਲੋਂ ਸੜਕ ਤੋਂ ਮਲਬਾ ਹਟਾਇਆ ਗਿਆ, ਤਾਂ ਜੋ ਆਵਾਜਾਈ ਸਧਾਰਨ ਹੋ ਸਕੇ।

ਮੁੱਖ ਮੰਤਰੀ ਵਲੋਂ ਦੁੱਖ ਪ੍ਰਗਟਾਵਾ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਨੇ ਇਸ ਦੁਖਦਾਈ ਘਟਨਾ ‘ਤੇ ਸ਼ੋਕ ਪ੍ਰਗਟਾਇਆ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਦੀ ਪੂਰੀ ਸਹਾਇਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਕੁੱਲੂ ਦੇ ਵਿਧਾਇਕ ਸੁੰਦਰ ਸਿੰਘ ਠਾਕੁਰ ਨੇ ਵੀ ਪੀੜਤ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟਾਇਆ।

ਹਿਮਾਚਲ ‘ਚ ਵਧ ਰਹੀਆਂ ਕੁਦਰਤੀ ਆਫ਼ਤਾਂ ਇਸ ਤਰ੍ਹਾਂ ਦੇ ਹਾਦਸਿਆਂ ਦੀ ਵੱਡੀ ਵਜ੍ਹਾ ਬਣ ਰਹੀਆਂ ਹਨ।

Share This Article
Leave a Comment