ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਭਾਰਤੀ ਪ੍ਰੀਮੀਅਰ ਲੀਗ (ਆਈਪੀਐਲ) ਦੇ ਪੁਰਾਣੇ ਚੇਅਰਮੈਨ ਲਲਿਤ ਮੋਦੀ ਦੇ ਭਰਾ ਅਤੇ ਵਪਾਰੀ ਸਮੀਰ ਮੋਦੀ ਨੂੰ ਬੀਤੇ ਦਿਨੀਂ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ। ਇੱਕ ਔਰਤ ਨੇ ਸਾਲ 2019 ਤੋਂ ਤੇ ਲਗਾਤਾਰ ਜਬਰ ਜਨਾਹ, ਬਲੈਕਮੇਲਿੰਗ ਅਤੇ ਧੋਖਾ ਦੇਣ ਦੇ ਦੋਸ਼ ਲਗਾਏ ਹਨ।
ਔਰਤ ਨੇ 10 ਸਤੰਬਰ 2025 ਨੂੰ ਦਿੱਲੀ ਦੇ ਨਿਊ ਫਰੈਂਡਜ਼ ਕਾਲੋਨੀ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਸੀ। ਇਸ ਤੋਂ ਬਾਅਦ ਵਪਾਰੀ ਵਿਰੁੱਧ ਲੁੱਕ-ਆਊਟ ਸਰਕੂਲਰ (ਐਲਓਸੀ) ਜਾਰੀ ਕੀਤਾ ਗਿਆ ਸੀ। ਵੀਰਵਾਰ ਨੂੰ ਯੂਰਪ ਦੀ ਬਿਜ਼ਨਸ ਟਰਿਪ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦਿੱਲੀ ਦੀ ਇੱਕ ਅਦਾਲਤ ਨੇ ਸਮੀਰ ਨੂੰ ਇੱਕ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਸ ਵਿਚਾਲੇ, ਸਮੀਰ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਵਪਾਰੀ ਵਿਰੁੱਧ ਲਗਾਏ ਗਏ ਦੋਸ਼ ਝੂਠੇ ਹਨ। ਵਕੀਲ ਸਿਮਰਨ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਫਆਈਆਰ ਝੂਠੀ ਅਤੇ ਮਨਘੜੰਤ ਤੱਥਾਂ ‘ਤੇ ਅਧਾਰਤ ਹੈ। ਸਮੀਰ ਮੋਦੀ ਤੋਂ ਪੈਸੇ ਹੜੱਪਣ ਲਈ ਕੇਸ ਦਰਜ ਕਰਵਾਇਆ ਗਿਆ ਹੈ।
ਔਰਤ ਦੇ ਦੋਸ਼: ਬਲਾਤਕਾਰ ਦਾ ਖੁਲਾਸਾ ਕਰਨ ‘ਤੇ ਕਤਲ ਦੀ ਧਮਕੀ
ਪੁਲਿਸ ਅਨੁਸਾਰ, ਔਰਤ ਦਾ ਦਾਅਵਾ ਹੈ ਕਿ ਵਪਾਰੀ ਨੇ ਫੈਸ਼ਨ ਅਤੇ ਲਾਈਫਸਟਾਈਲ ਇੰਡਸਟਰੀ ਵਿੱਚ ਕਰੀਅਰ ਦਾ ਮੌਕਾ ਦੇਣ ਦੇ ਬਹਾਨੇ 2019 ਵਿੱਚ ਉਸ ਨਾਲ ਸੰਪਰਕ ਕੀਤਾ ਸੀ। ਸਮੀਰ ਨੇ ਦਸੰਬਰ 2019 ਵਿੱਚ ਨਿਊ ਫਰੈਂਡਜ਼ ਕਾਲੋਨੀ ਵਿਖੇ ਆਪਣੇ ਘਰ ‘ਤੇ ਉਸ ਨੂੰ ਬੁਲਾਇਆ ਅਤੇ ਜ਼ਬਰਦਸਤੀ ਕੀਤੀ।
ਔਰਤ ਨੇ ਦੱਸਿਆ ਕਿ ਵਪਾਰੀ ਨੇ ਵਿਆਹ ਦਾ ਝੂਠਾ ਵਾਅਦਾ ਕਰਕੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ, ਕੁੱਟਮਾਰ ਕੀਤੀ ਅਤੇ ਬਲੈਕਮੇਲ ਕੀਤਾ। ਔਰਤ ਨੂੰ ਪਤਾ ਸੀ ਕਿ ਸਮੀਰ ਮੋਦੀ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਸ ਨੇ ਦਾਅਵਾ ਕੀਤਾ ਕਿ ਜਬਰ ਜਨਾਹ ਦਾ ਖੁਲਾਸਾ ਕਰਨ ‘ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਗਈ।
ਔਰਤ ਨੇ ਦੋਸ਼ ਲਗਾਇਆ ਕਿ ਸਮੀਰ ਨੇ ਉਸ ਨੂੰ ਡਰਾਉਣ-ਧਮਕਾਉਣ ਅਤੇ ਝੂਠੇ ਵਾਅਦੇ ਕਰਕੇ ਕੇ ਚੁੱਪ ਕਰਵਾਉਣ ਲਈ ਆਪਣੇ ਪ੍ਰਭਾਵ ਦਾ ਗਲਤ ਇਸਤੇਮਾਲ ਕੀਤਾ।
ਸਮੀਰ ਮੋਦੀ ਦੇ ਵਕੀਲਾਂ ਦਾ ਦਾਅਵਾ: ਔਰਤ ਨੇ 50 ਕਰੋੜ ਦੀ ਮੰਗ ਕੀਤੀ ਸੀ
ਦੂਜੀ ਪਾਸੇ, ਸਮੀਰ ਦੇ ਵਕੀਲਾਂ ਵੱਲੋਂ ਜਾਰੀ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਔਰਤ 2019 ਤੋਂ ਸਮੀਰ ਮੋਦੀ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਦਾਅਵੇ ਅਨੁਸਾਰ, ਸਮੀਰ ਮੋਦੀ ਨੇ 8 ਅਤੇ 13 ਅਗਸਤ ਨੂੰ ਵੱਖ-ਵੱਖ ਪੁਲਿਸ ਅਧਿਕਾਰੀਆਂ ਅੱਗੇ ਔਰਤ ਵਿਰੁੱਧ ਜ਼ਬਰੀ ਵਸੂਲੀ ਅਤੇ ਬਲੈਕਮੇਲ ਕਰਨ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ।
ਸਮੀਰ ਦੇ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਕੋਲ ਵਪਾਰੀ ਅਤੇ ਔਰਤ ਵਿਚਕਾਰ ਹੋਈ ਵਟਸਐਪ ਚੈਟ ਵੀ ਹੈ, ਜਿਸ ਵਿੱਚ ਉਸ ਨੇ 50 ਕਰੋੜ ਰੁਪਏ ਦੀ ਮੰਗ ਕੀਤੀ ਹੈ। ਵਕੀਲਾਂ ਨੇ ਦਿੱਲੀ ਪੁਲਿਸ ‘ਤੇ ਤੱਥਾਂ ਦੀ ਜਾਂਚ ਬਿਨਾਂ ਜਲਦਬਾਜ਼ੀ ਵਿੱਚ ਗ੍ਰਿਫ਼ਤਾਰੀ ਕਰਨ ਦਾ ਦੋਸ਼ ਲਗਾਇਆ ਹੈ।