ਜਗਤਾਰ ਸਿੰਘ ਸਿੱਧੂ;
ਸੰਯੁਕਤ ਕਿਸਾਨ ਮੋਰਚੇ ਦੇ ਦੋਹਾਂ ਧਿਰਾਂ ਨਾਲ ਜੁੜੇ ਕਿਸਾਨ ਆਗੂਆਂ ਦੀ ਪਾਤੜਾਂ ਵਿਖੇ ਹੋਈ ਸਾਂਝੀ ਮੀਟਿੰਗ ਨੇ ਕਿਸਾਨੀ ਮੰਗਾਂ ਦੇ ਮੁੱਦੇ ਉਤੇ ਸੰਘਰਸ਼ ਲਈ ਏਕੇ ਨਾਲ ਅੱਗੇ ਵਧਣ ਦਾ ਸੁਨੇਹਾ ਦਿੱਤਾ ਹੈ ਅਤੇ ਸਾਂਝੇ ਸੰਘਰਸ਼ ਦੀ ਵਿਸਥਾਰ ਵਿੱਚ ਰੂਪ ਰੇਖਾ ਤਿਆਰ ਕਰਨ ਲਈ ਅਗਲੀ ਮੀਟਿੰਗ ਵੀ ਪਾਤੜਾਂ ਵਿਖੇ ਹੀ 18 ਜਨਵਰੀ ਨੂੰ ਕਰਨ ਦਾ ਫੈਸਲਾ ਲਿਆ ਹੈ। ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਮੁੜ ਦੁਹਰਾਇਆ ਕਿ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕਿਸੇ ਕਿਸਾਨ ਆਗੂ ਵਲੋਂ ਇਕ ਦੂਜੇ ਵਿਰੁੱਧ ਟੀਕਾ ਟਿੱਪਣੀ ਨਹੀਂ ਕੀਤੀ ਜਾਵੇਗੀ। ਕਿਸਾਨ ਨੇਤਾਵਾਂ ਨੇ ਵੀ ਮਹਿਸੂਸ ਕੀਤਾ ਕਿ ਬੇਸ਼ੱਕ ਕਈ ਮੌਕਿਆਂ ਉੱਤੇ ਇਕ ਦੂਜੇ ਵਿਰੁੱਧ ਬੋਲਿਆ ਜਾਂਦਾ ਰਿਹਾ ਹੈ ਪਰ ਹੁਣ ਕਿਸਾਨਾਂ ਦੇ ਵੱਡੇ ਹਿੱਤ ਲਈ ਸੰਜਮ ਨਾਲ ਚੱਲਣ ਦੀ ਲੋੜ ਹੈ।
ਪਾਤੜਾਂ ਵਿਖੇ ਹੋਈ ਮੀਟਿੰਗ ਵਿੱਚ ਜਿੱਥੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵਲੋਂ ਕਾਕਾ ਸਿੰਘ ਕੋਟੜਾ,ਸਰਵਣ ਸਿੰਘ ਪੰਧੇਰ, ਅਭਿਮੰਨਯੂ ਕੋਹਾੜ ਅਤੇ ਹੋਰ ਆਗੂਆਂ ਸਣੇ ਦਸ ਆਗੂ ਸ਼ਾਮਲ ਹੋਏ ਉਥੇ ਸੰਯੁਕਤ ਕਿਸਾਨ ਮੋਰਚਾ ਦੂਜੇ ਵਲੋਂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਡਾ ਦਰਸ਼ਨ ਪਾਲ ਅਤੇ ਰਾਮਿੰਦਰ ਸਿੰਘ ਪਟਿਆਲਾ ਸਮੇਤ ਪੰਜ ਆਗੂ ਸ਼ਾਮਲ ਹੋਏ।
ਬੇਸ਼ੱਕ ਕਿਸਾਨ ਆਗੂਆਂ ਵਲੋ ਆਪੋ ਆਪਣੇ ਢੰਗ ਨਾਲ ਫਸਲਾਂ ਦੇ ਲਾਹੇਵੰਦ ਭਾਅ ਲੈਣ ਲਈ ਕਾਨੂੰਨੀ ਗਾਰੰਟੀ ਸਮੇਤ ਕਈ ਅਹਿਮ ਮੁੱਦਿਆਂ ਉੱਤੇ ਦਿੱਲੀ ਅੰਦੋਲਨ ਬਾਅਦ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬ ਵਿੱਚ ਕਿਸਾਨਾਂ ਅੰਦਰ ਇਹ ਗੱਲ ਭਾਰੂ ਪੈ ਰਹੀ ਸੀ ਕਿ ਕਿਸਾਨ ਜਥੇਬੰਦੀਆਂ ਸਾਂਝੇ ਤੌਰ ਤੇ ਸੰਘਰਸ਼ ਕਿਉਂ ਨਹੀਂ ਲੜ ਰਹੀਆਂ? ਸੈਂਕੜੇ ਕਿਸਾਨ ਅੰਦੋਲਨ ਦੇ ਚਲਦਿਆਂ ਸ਼ਹਾਦਤ ਦੇ ਗਏ ਪਰ ਕੀ ਕਿਸਾਨ ਆਗੂ ਇੱਕਠੇ ਹੋਕੇ ਲੜਾਈ ਨਹੀਂ ਲੜ ਸਕਦੇ? ਗੱਲ ਕੇਵਲ ਕਿਸਾਨਾਂ ਦੀਆਂ ਭਾਵਨਾਵਾਂ ਦੀ ਵੀ ਹੁੰਦੀ ਤਾਂ ਸ਼ਾਇਦ ਮਾਮਲਾ ਸਮਝ ਆ ਜਾਂਦਾ ਪਰ ਜਦੋਂ ਮਾਮਲਾ ਕੇਂਦਰ ਸਰਕਾਰ ਨਾਲ ਜੁੜਿਆ ਹੋਵੇ ਤਾਂ ਏਕੇ ਬਗੈਰ ਕੁਝ ਹਾਸਲ ਕਰਨ ਬਾਰੇ ਸਵਾਲ ਉਠਣੇ ਸੁਭਾਵਿਕ ਹਨ। ਬੇਸ਼ੱਕ ਕਿਸਾਨ ਜਥੇਬੰਦੀਆਂ ਆਪੋ ਆਪਣੇ ਮਤਭੇਦ ਰੱਖਦੀਆਂ ਹੋਣ ਪਰ ਉਨਾਂ ਮਤਭੇਦਾਂ ਨੂੰ ਪੱਠੇ ਪਾਉਣ ਲਈ ਕਿਸਾਨ ਅੰਦੋਲਨ ਹੀ ਬਲੀ ਦਾ ਬੱਕਰਾ ਕਿਉਂ ਬਣ ਜਾਵੇ? ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ। ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਚੱਲ ਰਹੇ ਅੰਦੋਲਨ ਬਾਰੇ ਇੱਕਠੇ ਲੜਨ ਦੀ ਬਣ ਰਹੀ ਸਹਿਮਤੀ ਚਾਹੇ ਦੇਰ ਨਾਲ ਸ਼ੁਰੂ ਹੋਈ ਹੈ ਪਰ ਇਸ ਦਾ ਇਹ ਅਰਥ ਵੀ ਨਹੀਂ ਹੈ ਕਿ ਹੁਣ ਸਹਿਮਤੀ ਕਿਉਂ ਹੋ ਰਹੀ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਲਈ ਆਪਣੀ ਜਾਨ ਦੀ ਬਾਜ਼ੀ ਲਾਈ ਬੈਠੇ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ। ਗੱਲਬਾਤ ਤਾਂ ਦੂਰ ਦੀ ਗੱਲ ਹੈ ਸਗੋ ਭਾਜਪਾ ਦੇ ਨੇਤਾ ਤਾਂ ਇਹ ਆਖ ਰਹੇ ਹਨ ਕਿ ਫਸਲਾਂ ਦਾ ਗਾਰੰਟੀ ਕਾਨੂੰਨ ਤਾਂ ਪੰਜਾਬ ਦਾ ਨੁਕਸਾਨ ਕਰੇਗਾ। ਅਜਿਹੀ ਸਥਿਤੀ ਵਿਚ ਜਿਹੜੀ ਵੀ ਕਿਸਾਨ ਜਥੇਬੰਦੀ ਮੰਗਾਂ ਦੇ ਮੁੱਦੇ ਉਪਰ ਏਕੇ ਤੋਂ ਪਿੱਛੇ ਹਟੇਗੀ, ਉਹ ਕਿਸਾਨ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਹੋਵੇਗਾ। ਅਜਿਹੀ ਨਾਜ਼ੁਕ ਸਥਿਤੀ ਵਿੱਚ ਕਿਸਾਨੀ ਸੰਘਰਸ਼ ਨੂੰ ਪਿੱਠ ਦਿਖਾਉਣ ਦਾ ਅਰਥ ਪੰਜਾਬ ਨੂੰ ਪਿੱਠ ਦਿਖਾਉਣ ਤੋਂ ਘੱਟ ਨਹੀਂ ਹੈ ਕਿਉ ਜੋ ਕਿਸਾਨ ਦੇ ਚੰਗੇ ਭਵਿੱਖ ਬਗੈਰ ਪੰਜਾਬ ਦਾ ਚੰਗਾ ਭਵਿੱਖ ਚਿਤਵਿਆ ਵੀ ਨਹੀਂ ਜਾ ਸਕਦਾ ਅਤੇ ਨਾ ਹੀ ਕੰਗਲਾ ਪੰਜਾਬ ਰੰਗਲਾ ਹੋ ਸਕਦਾ ਹੈ ਜਿਵੇਂ ਕਾਲੇ ਰੰਗ ਦਾ ਬੁਰਸ਼ ਦੀਵਾਰ ਨੂੰ ਕਦੇ ਵੀ ਸਫੈਦੀ ਦੀ ਲਿਸ਼ਕ ਨਹੀਂ ਦੇ ਸਕਦਾ।
ਸੰਪਰਕ 9814002186