ਚੰਡੀਗੜ੍ਹ: ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਅੱਠ ਦਿਨਾਂ ਤੋਂ ਸ਼ੰਭੂ ਅਤੇ ਦਾਤਾ ਸਿੰਘ ਵਾਲਾ ਸਰਹੱਦ ‘ਤੇ ਖੜ੍ਹੇ ਕਿਸਾਨਾਂ ਨੇ ਬੁੱਧਵਾਰ ਸਵੇਰੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਜਵਾਬ ਵਿੱਚ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ। ਦਾਤਾਸਿੰਘਵਾਲਾ ਸਰਹੱਦ ’ਤੇ ਗੋਲੀਆਂ ਲੱਗਣ ਨਾਲ ਦੋ ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਬਠਿੰਡਾ ਦੇ ਪਿੰਡ ਬੱਲੋਂਕੇ ਦੇ ਨੌਜਵਾਨ ਸ਼ੁਭਕਰਨ (23) ਦੀ ਮੌਤ ਹੋ ਗਈ। ਇੱਕ ਹੋਰ ਕਿਸਾਨ ਪ੍ਰੀਤਪਾਲ ਸਿੰਘ ਵਾਸੀ ਨਵਾਂਗੜ੍ਹ, ਸੰਗਰੂਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਰੋਹਤਕ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਹੈ।
ਕਿਸਾਨਾਂ ਦਾ ਦਾਅਵਾ ਹੈ ਕਿ ਸ਼ੁਭਕਰਨ ਦੀ ਮੌਤ ਸਿਰ ਵਿੱਚ ਰਬੜ ਦੀ ਗੋਲੀ ਲੱਗਣ ਕਾਰਨ ਹੋਈ ਹੈ। ਝੜਪ ਵਿੱਚ 52 ਕਿਸਾਨ ਅਤੇ 12 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸ਼ੰਭੂ ਸਰਹੱਦ ‘ਤੇ ਛੇ ਕਿਸਾਨ ਜ਼ਖ਼ਮੀ ਵੀ ਹੋਏ ਹਨ। ਦੂਜੇ ਪਾਸੇ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਮੁੜ ਗੱਲਬਾਤ ਲਈ ਸੱਦਾ ਦਿੱਤਾ ਹੈ। ਕੇਂਦਰ ਦੀ ਤਜਵੀਜ਼ ’ਤੇ ਕਿਸਾਨ ਆਗੂਆਂ ਨੇ ਦਿੱਲੀ ਵੱਲ ਆਪਣਾ ਮਾਰਚ ਦੋ ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਅਗਲੀ ਰਣਨੀਤੀ ਦਾ ਐਲਾਨ ਕਰਨਗੇ।
ਬੁੱਧਵਾਰ ਦੁਪਹਿਰ ਕਰੀਬ 1 ਵਜੇ ਦਾਤਾਸਿੰਘਵਾਲਾ ਸਰਹੱਦ ‘ਤੇ ਅੰਦੋਲਨ ਨੇ ਹਿੰਸਕ ਰੂਪ ਲੈ ਲਿਆ। ਜੀਂਦ ਦੇ ਐਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਬੁਲਡੋਜ਼ਰਾਂ ਦੀ ਮਦਦ ਨਾਲ ਸਰਹੱਦ ’ਤੇ ਲੱਗੇ ਬੈਰੀਕੇਡਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਰੋਕਿਆ ਗਿਆ ਤਾਂ ਉਨ੍ਹਾਂ ਪਰਾਲੀ ਵਿੱਚ ਮਿਰਚਾਂ ਪਾ ਕੇ ਅੱਗ ਲਗਾ ਦਿੱਤੀ ਅਤੇ ਵੱਡੇ ਪੱਖੇ ਦੀ ਮਦਦ ਨਾਲ ਧੂੰਆਂ ਪੁਲੀਸ ਵੱਲ ਖਿਲਾਰ ਦਿੱਤਾ। ਇਸ ‘ਤੇ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ, ਵਾਟਰ ਕੈਨਨ ਅਤੇ ਲਾਠੀਚਾਰਜ ਦੀ ਵਰਤੋਂ ਵੀ ਕਰਨੀ ਪਈ। ਇਸ ਤੋਂ ਇਲਾਵਾ ਕਈ ਕਿਸਾਨਾਂ ਨੇ ਪੁਲਿਸ ’ਤੇ ਤਲਵਾਰਾਂ ਤੇ ਡਾਂਗਾਂ ਨਾਲ ਹਮਲਾ ਵੀ ਕੀਤਾ। ਅੰਬਾਲਾ ਦੀ ਸ਼ੰਭੂ ਸਰਹੱਦ ‘ਤੇ ਦਿਨ ਭਰ ਲੜਾਈ ਚੱਲਦੀ ਰਹੀ। ਪੁਲਿਸ ਬੈਰੀਕੇਡ ਦੇ ਵਿਚਕਾਰ ਨੌਜਵਾਨ ਕਿਸਾਨ ਸ਼ਾਮ 5 ਵਜੇ ਤੱਕ ਕਈ ਵਾਰ ਬੈਰੀਕੇਡਿੰਗ ਦੇ ਨੇੜੇ ਆਏ ਅਤੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅੱਥਰੂ ਗੈਸ ਦੇ ਗੋਲੇ ਅਤੇ ਵਾਟਰ ਕੈਨਨ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ।
ਦਾਤਾਸਿੰਘਵਾਲਾ ਸਰਹੱਦ ’ਤੇ ਕਿਸਾਨ ਦੀ ਮੌਤ ਦੀ ਖ਼ਬਰ ਮਿਲਣ ’ਤੇ ਕਿਸਾਨ ਆਗੂਆਂ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਸ਼ਾਮ ਵੇਲੇ ਸ਼ੰਭੂ ਸਰਹੱਦ ’ਤੇ ਐਲਾਨ ਕੀਤਾ ਕਿ ਹੁਣ ਅਜਿਹੀ ਸਥਿਤੀ ’ਚ ਸਰਕਾਰ ਨਾਲ ਗੱਲ ਕਰਨੀ ਮੁਨਾਸਿਬ ਨਹੀਂ ਜਾਪਦੀ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਨੌਜਵਾਨ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਸਰਹੱਦ ਵੱਲ ਵਧਣ ਲੱਗੇ। ਡਰੋਨ ਰਾਹੀਂ ਹਰਿਆਣਾ ਵਾਲੇ ਪਾਸੇ ਤੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਕਾਰਨ ਕਿਸਾਨ ਆਗੂਆਂ ਪੰਧੇਰ ਅਤੇ ਡੱਲੇਵਾਲ ਦੀ ਸਿਹਤ ਵੀ ਵਿਗੜ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।