ਸੁਰੀਲੇ ਸੁਰਾਂ ਦਾ ਸਿਰਤਾਜ ਸਿਰਜਕ ਸੀ – ਸ਼ੰਕਰ (ਸ਼ੰਕਰ-ਜੈਕਿਸ਼ਨ)

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਹਿੰਦੀ ਸਿਨੇਮਾ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ਤੱਕ ਪੰਹੁਚਾਉਣ ਵਿੱਚ ਜਿੱਥੇ ਅਦਾਕਾਰਾਂ,ਨਿਰਮਾਤਾਵਾਂ ਤੇ ਨਿਰਦੇਸ਼ਕਾਂ ਦਾ ਵੱਡਾ ਯੋਗਦਾਨ ਹੈ ੳੁੱਥੇ ਹੀ ਹਿੰਦੀ ਫ਼ਿਲਮਾਂ ਨੂੰ ਮਨਮੋਹਕ ਗੀਤਾਂ ਅਤੇ ਅਤਿ ਸੁਰੀਲੇ ਸੰਗੀਤ ਨਾਲ ਸ਼ਿੰਗਾਰ ਕੇ ਕਰੋੜਾਂ ਦਿਲਾਂ ਨੂੰ ਜਿੱਤ ਲੈਣ ਵਾਲੇ ਗੀਤਕਾਰਾਂ ਤੇ ਸੰਗੀਤਕਾਰਾਂ ਦਾ ਯੋਗਦਾਨ ਵੀ ਅਤਿਅੰਤ ਕਾਬਿਲੇ ਤਾਰੀਫ਼ ਹੈ। ਬੇਸ਼ੁਮਾਰ ਸੁਰੀਲੇ ਤੇ ਯਾਦਗਾਰੀ ਨਗ਼ਮੇ ਬਾਲੀਵੁੱਡ ਦੀ ਝੋਲ੍ਹੀ ਪਾਉਣ ਵਾਲੇ ਸੰਗੀਤਕਾਰ ਸ਼ੰਕਰ-ਜੈ ਕਿਸ਼ਨ ਨੂੰ ਸਮੁੱਚਾ ਫ਼ਿਲਮ ਜਗਤ ਉਨ੍ਹਾ ਦੇ ਦਿਲਕਸ਼ ਸੰਗੀਤ ਲਈ ਸਦਾ ਯਾਦ ਰੱਖੇਗਾ ਤੇ ਸਦਾ ਹੀ ਉਨ੍ਹਾ ਦਾ ਰਿਣੀ ਰਹੇਗਾ। ਇਸ ਮਹਾਨ ਸੰਗੀਤਕਾਰ ਜੋੜੀ ਦੁਆਰਾ ਸੰਗੀਤਬੱਧ ਕੀਤੇ ਅਨੇਕਾਂ ਨਗ਼ਮਿਆਂ ਵਿੱਚੋਂ ਜੇਕਰ- ‘‘ ਹਵਾ ਮੇਂ ਉੜਤਾ ਜਾਏ ਮੇਰਾ ਲਾਲ ਦੁਪੱਟਾ ਮਲਮਲ ਕਾ,ਜੀਆ ਬੇਕਰਾਰ ਹੈ ਛਾਈ ਬਹਾਰ ਹੈ, ਬੇਖ਼ੁਦੀ ਮੇਂ ਸਨਮ ਉੱਠ ਗਏ ਜੋ ਕਦਮ,ਦਿਲ ਕੇ ਝਰੋਖੇ ਮੇਂ ਤੁਝ ਕੋ ਬਿਠਾਕਰ,ਬਹਾਰੋ ਫੂਲ ਬਰਸਾਓ,ਤੇਰਾ ਮੇਰਾ ਪਿਆਰ ਅਮਰ,ਆਪ ਕੋ ਪਹਿਲੇ ਭੀ ਕਹੀਂ ਦੇਖਾ ਹੈ,ਸੁਨੋ ਛੋਟੀ ਸੀ ਗੁੜੀਆ ਕੀ ਲੰਬੀ ਕਹਾਨੀ,ਦਿਲ ਉਸੇ ਦੋ ਜੋ ਜਾਂ ਦੇ ਦੇ, ਗ਼ਮ ਉਠਾਨੇ ਕੇ ਲੀਏ ਮੈ ਤੋ ਜੀਏ ਜਾਊਂਗਾ,ਜਾਨੇ ਕਹਾਂ ਗਏ ਵੋ ਦਿਨ,ਮੇਰਾ ਜੂਤਾ ਹੈ ਜਾਪਾਨੀ,ਐ ਫੂਲੋਂ ਕੀ ਰਾਨੀ ਬਹਾਰੋਂ ਕੀ ਮਲਿਕਾ, ਪਿਆਰ ਹੂਆ ਇਕਰਾਰ ਹੂਆ ’’ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਇਹ ਸਚਮੁੱਚ ਹੀ ਇਨ੍ਹਾ ਸ਼ਖ਼ਸੀਅਤਾਂ ਨਾਲ ਨਾਇਨਸਾਫ਼ੀ ਹੋਵੇਗੀ।

ਸੰਗੀਤਕਾਰ ਸ਼ੰਕਰ ਦਾ ਪੂਰਾ ਨਾਂ ਸ਼ੰਕਰ ਸਿੰਘ ਸੁਰਜਵੰਸ਼ੀ ਸੀ ਤੇ ਉਹ ਪਹਿਲਵਾਨ ਰਾਮ ਸਿੰਘ ਸੂਰਜਵੰਸ਼ੀ ਦੇ ਘਰ ਹੈਦਰਾਬਾਦ ਵਿਖੇ 15 ਅਕਤੂਬਰ,ਸੰਨ 1922 ਨੂੰ ਪੈਦਾ ਹੋਇਆ ਸੀ। ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਸ਼ੰਕਰ ਨੇ ਚੜ੍ਹਦੀ ਉਮਰੇ ਪਹਿਲਵਾਨੀ ਕੀਤੀ ਤੇ ਉਹ ਦੱਸਦਾ ਹੁੰਦਾ ਸੀ ਉਸਨੂੰ ਖ਼ੁਦ ਪਤਾ ਨਹੀਂ ਲੱਗਾ ਕਿ ਕਦੋਂ ਉਸਨੂੰ ਤਬਲਾ ਵਜਾਉਣ ਦਾ ਸ਼ੌਕ ਪੈ ਗਿਆ। ੳੁੱਘੇ ਅਦਾਕਾਰ ਸਪਰੂ ਦੀ ਪਤਨੀ ਹੇਮਾਵਤੀ ਸਪਰੂ ਉਨ੍ਹਾ ਦਿਨਾਂ ਵਿੱਚ ਹੈਦਰਾਬਾਦ ਵਿਖੇ ਇੱਕ ਨਾਟ ਸੰਸਥਾ ਚਲਾਉਂਦੀ ਸੀ ਤੇ ਉਸਨੂੰ ਇੱਕ ਤਬਲਚੀ ਦੀ ਸਖ਼ ਤ ਜ਼ਰੂਰਤ ਸੀ। ਉਸਨੇ ਸ਼ੰਕਰ ਨਾਲ ਸੰਪਰਕ ਕੀਤਾ ਤੇ ਉਸਨੂੰ ਤੁਰੰਤ ਕੰਮ ‘ਤੇ ਰੱਖ ਲਿਆ। ਫਿਰ ਕੁਝ ਸਮੇਂ ਬਾਅਦ ਕਿਸੇ ਕਾਰਨ ਉਹ ਨਾਟ ਸੰਸਥਾ ਬੰਦ ਹੋ ਗਈ ਤੇ ਕਮੰ ਮਿਲਨਾ ਬੰਦ ਹੁੰਦਿਆਂ ਸਾਰ ਹੀ ਸ਼ੰਕਰ ਨੇ ਬੰਬਈ ਦਾ ਰੁਖ਼ ਕਰ ਲਿਆ। ਇਥੇ ਆ ਕੇ ਉਸਨੂੰ ਪ੍ਰਿਥਵੀ ਥੀਏਟਰ ਵਿਖੇ ਤਬਲਚੀ ਵਜੋਂ 75 ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ ‘ਤੇ ਨੌਕਰੀ ਮਿਲ ਗਈ ਤੇ ਥੋੜ੍ਹੀ ਹੋਰ ਆਮਦਨ ਲਈ ਕੁਝ ਵਾਧੂ ਕੰਮ ਹਾਸਿਲ ਕਰਨ ਦੇ ਚੱਕਰ ‘ਚ ਉਸਨੇ ਵੱਖ ਵੱਖ ਫ਼ਿਲਮ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਦੇ ਘਰਾਂ ਤੇ ਦਫ਼ਤਰਾਂ ਦੇ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ। ਗੁਜਰਾਤੀ ਫ਼ਿਲਮ ਨਿਰਦੇਸ਼ਕ ਚੰਦਰਵਦਨ ਭੱਟ ਦੇ ਦਫ਼ਤਰ ਮੂਹਰੇ ਉਸਦੀ ਮੁਲਾਕਾਤ ਪਹਿਲੀ ਜੈ ਕਿਸ਼ਨ ਨਾਲ ਹੋਈ ਸੀ ਜੋ ਕਿ ਹਾਰਮੋਨੀਅਮ ਵਜਾਉਂਦਾ ਸੀ । ਇਹ ਮੁਲਾਕਾਤ ਛੇਤੀ ਹੀ ਗਹਿਰੀ ਦੋਸਤੀ ‘ਚ ਬਦਲ ਗਈ ਤੇ ਉਸਨੇ ਜੈ ਕਿਸ਼ਨ ਨੂੰ ਵੀ ਪ੍ਰਿਥਵੀ ਥੀਏਟਰ ਵਿੱਚ ਹਾਰਮੋਨੀਅਮ ਵਾਦਕ ਵਜੋਂ ਨੋਕਰੀ ਦਿਵਾ ਦਿੱਤੀ।

ਸ਼ੰਕਰ ਤੇ ਜੈ ਕਿਸ਼ਨ ਪ੍ਰਿਥਵੀ ਥੀਏਟਰ ਦੇ ਸੰਗੀਤਕਾਰ ਰਾਮ ਕੁਮਾਰ ਗਾਂਗੁਲੀ ਦੇ ਅਧੀਨ ਕੰਮ ਕਰਦੇ ਸਨ ਤੇ ਇਕਾਂਤ ਵਿੱਚ ਬੈਠ ਕੇ ਦੋਵੇਂ ਜਣੇ ਮਨਮੋਹਕ ਧੁਨਾਂ ਸਿਰਜਿਆ ਕਰਦੇ ਸਨ ਪਰ ਰਾਮ ਕੁਮਾਰ ਗਾਂਗੁਲੀ ਦੇ ਹੁੰਦਿਆਂ ਉਹ ਅਦਾਕਾਰ ਤੇ ਨਿਰਦੇਸ਼ਕ ਬਣਨ ਲਈ ਸੰਘਰਸ਼ਸ਼ੀਲ ਰਾਜ ਕਪੂਰ ਨੂੰ ਆਪਣੀ ਸੰਗੀਤ ਕਲਾ ਦੇ ਜੌਹਰ ਨਹੀਂ ਵਿਖਾ ਸਕਦੇ ਸਨ। ਉਨ੍ਹਾ ਦੀ ਖ਼ੁਸ਼ਕਿਸਮਤੀ ਕਹਿ ਲਓ ਜਾਂ ਹਿੰਦੀ ਸਿਨੇਮਾ ਦੇ ਚੰਗੇ ਭਾਗ ਕਿ ਇੱਕ ਦਿਨ ਸ਼ਹਿਰੋਂ ਬਾਹਰ ਗਏ ਰਾਮ ਕੁਮਾਰ ਗਾਂਗੁਲੀ ਦੀ ਗ਼ੈਰਹਾਜ਼ਰੀ ਵਿੱਚ ਸ਼ੰਕਰ-ਜੈ ਕਿਸ਼ਨ ਨੂੰ ਸੁਨਹਿਰੀ ਮੋਕਾ ਮਿਲ ਗਿਆ ਤੇ ਉਸ ਵੇਲੇ ‘ ਬਰਸਾਤ ’ ਨਾਮਕ ਫ਼ਿਲਮ ਦੀ ਯੋਜਨਾ ਬਣਾ ਰਹੇ ਰਾਜ ਕਪੂਰ ਨੂੰ ਉਨ੍ਹਾ ਨੇ ਆਪਣੀਆਂ ਦਿਲਕਸ਼ ਧੁਨਾਂ ਸੁਣਾ ਦਿੱਤੀਆਂ ਤੇ ਰਾਜ ਨੇ ਸੁੱਚੇ ਮੋਤੀਆਂ ਦੀ ਪਛਾਣ ਕਰਨ ‘ਚ ਇੱਕ ਪਲ ਨਾ ਗੁਆਇਆ ਤੇ ਉਨ੍ਹਾ ਨੂੰ ਆਪਣੀ ਫ਼ਿਲਮ ‘ ਬਰਸਾਤ’ ਲਈ ਸੰਗੀਤ ਨਿਰਦੇਸ਼ਕ ਵਜੋਂ ਨਿਯੁਕਤ ਕਰ ਦਿੱਤਾ। ਬਰਸਾਤ ਜਦੋਂ ਰਿਲੀਜ਼ ਹੋਈ ਤਾਂ ਆਪਣੇ ਸੁਪਰਹਿੱਟ ਗਾਣਿਆਂ ਕਰਕੇ ਇਹ ਬਾਕਸ ਆਫ਼ਿਸ ‘ਤੇ ਛਾ ਗਈ ਤੇ ਇਸ ਤੋਂ ਬਾਅਦ ਰਾਜ ਕਪੂਰ ਦੇ ਕਦਮ ਨਾਲ ਕਦਮ ਮਿਲਾਉਂਦਿਆਂ ਸ਼ੰਕਰ-ਜੈ ਕਿਸ਼ਨ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਗਏ ਤੇ ਰਾਜ ਦੀਆਂ ‘ ਅਵਾਰਾ,ਸ੍ਰੀ 420,ਆਹ,ਜਿਸ ਦੇਸ਼ ਮੇਂ ਗੰਗਾ ਬਹਤੀ ਹੈ,ਮੇਰਾ ਨਾਮ ਜੋਕਰ ਅਤੇ ਸੰਗਮ ’ ਆਦਿ ਜਿਹੀਆਂ ਅਨੇਕਾਂ ਹਿੱਟ ਫ਼ਿਲਮਾਂ ਬਾਲੀਵੁੱਡ ਦੀ ਝੋਲ੍ਹੀ ਪਾਉਂਦੇ ਗਏ।

- Advertisement -

ਸ਼ੰਕਰ-ਜੈ ਕਿਸ਼ਨ ਨੇ 150 ਤੋਂ ਵੱਧ ਫ਼ਿਲਮਾਂ ਲਈ ਸੰਗੀਤ ਰਚਿਆ ਸੀ ਜੋ ਕਿ ਉਸ ਵੇਲੇ ਇੱਕ ਰਿਕਾਰਡ ਸੀ। ਸ਼ੰਕਰ-ਜੈ ਕਿਸ਼ਨ ਦੀ ਜੋੜੀ ਨੇ ਨੌਂ ਵਾਰ ਫ਼ਿਲਮ ਫ਼ੇਅਰ ਦਾ ਸਰਬੋਤਮ ਸੰਗੀਤਕਾਰ ਐਵਾਰਡ ਹਾਸਿਲ ਕੀਤਾ ਸੀ ਤੇ ਸੰਨ 1968 ਵਿੱਚ ਇਸ ਜੋੜੀ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਸੰਨ 1971 ਦੀ 12 ਸਤੰਬਰ ਨੂੰ ਜਿਗਰ ਦੇ ਭਿਆਨਕ ਰੋਗ ਕਰਕੇ ਜੈ ਕਿਸ਼ਨ ਦਾ ਅਚਨਚੇਤ ਦੇਹਾਂਤ ਹੋ ਗਿਆ ਸੀ ਪਰ ਸੰਨ 1987 ਵਿੱਚ ਆਪਣੀ ਮੌਤ ਤੱਕ ਸ਼ੰਕਰ ਨੇ ਸਾਰੀਆਂ ਫ਼ਿਲਮਾਂ ਦਾ ਸੰਗੀਤ ਸ਼ੰਕਰ-ਜੈ ਕਿਸ਼ਨ ਦੇ ਨਾਂ ਹੇਠ ਹੀ ਦਿੱਤਾ ਸੀ ਜਿਨ੍ਹਾ ਵਿੱਚ ਰਾਜ ਕਪੂਰ ਵੱਲੋਂ ਨਿਰਦੇਸ਼ਿਤ ‘ ਬੌਬੀ ਅਤੇ ਸੱਤਿਅਮ ਸ਼ਿਵਮ ਸੁੰਦਰਮ ’ ਪ੍ਰਮੁੱਖ ਤੌਰ ‘ਤੇ ਸ਼ਾਮਿਲ ਸਨ।

ਮੋਬਾਇਲ: 97816-46008

Share this Article
Leave a comment