-ਅਵਤਾਰ ਸਿੰਘ
ਪ੍ਰਸਿੱਧ ਪੱਤਰਕਾਰ, ਫਿਲਮ ਨਿਰਦੇਸ਼ਕ ਤੇ ਲੇਖਕ ਖਵਾਜ਼ਾ ਅਹਿਮਦ ਅੱਬਾਸ ਦਾ ਜਨਮ ਹਰਿਆਣਾ ਦੇ ਸ਼ਹਿਰ ਪਾਣੀਪਤ ਵਿਖੇ 7 ਜੂਨ 1914 ਨੂੰ ਹੋਇਆ। ਉਸਦੇ ਪਿਤਾ ਕਵੀ ਖਵਾਜਾ ਅਲਤਾਫ ਹੁਸੈਨ ਹਾਲੀ ਮਿਰਜ਼ਾ ਗਾਲਿਬ ਦੇ ਵਿਦਿਆਰਥੀ ਰਹੇ ਸਨ।
ਉਨ੍ਹਾਂ ਦੇ ਦਾਦਾ ਖਵਾਜਾ ਗਰਾਮ ਅਬਾਸ 1857 ਦੇ ਮੋਢੀ ਕ੍ਰਾਂਤੀਕਾਰੀਆਂ ਵਿੱਚ ਸ਼ਾਮਲ ਸਨ। ਮੁੱਢਲੀ ਵਿੱਦਿਆ ਤੋਂ ਬਾਅਦ 1935 ਵਿੱਚ ਅਲੀਗੜ੍ਹ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦਿੱਲੀ ਦੇ ‘ਨੈਸ਼ਨਲ ਕਾਲ’ ਰਾਂਹੀ ਪੱਤਰਕਾਰੀ ਸ਼ੁਰੂ ਕੀਤੀ।
ਇਸੇ ਸਾਲ ‘ਬੰਬੇ ਕਰਾਨੀਕਲ’ ਵਿੱਚ ਉਨ੍ਹਾਂ ਦਾ ਕਾਲਮ ‘ਦਾ ਲਾਸਟ ਪੇਜ’ ਸ਼ੁਰੂ ਹੋਇਆ ਜੋ ਪੱਤਰਕਾਰੀ ਵਿੱਚ ਸਭ ਤੋਂ ਲੰਮਾ ਮੰਨਿਆ ਜਾਂਦਾ ਹੈ, ਇਹ ਉਨ੍ਹਾਂ ਦੇ ਅੰਤਲੇ ਸਮੇਂ ਤਕ ਵੀਕਲੀ ‘ਬਲਿਟਜ’ ਵਿੱਚ ਲਗਾਤਾਰ 1987 ਤਕ (52 ਸਾਲ) ਚਲਦਾ ਰਿਹਾ।
ਉਨ੍ਹਾਂ ਨੇ ਛੇ ਦਰਜਨ ਕਿਤਾਬਾਂ ਅੰਗਰੇਜੀ, ਹਿੰਦੀ ਤੇ ਉਰਦੂ ਵਿੱਚ ਲਿਖੀਆਂ। ਉਨ੍ਹਾਂ ਦੀਆਂ ਕਈ ਰਚਨਾਵਾਂ ਰੂਸੀ ਜਰਮਨੀ, ਫਰਾਂਸੀਸੀ, ਇਤਾਲਵੀ ਅਤੇ ਅਰਬੀ ਵਿਚ ਅਨੁਵਾਦ ਹੋਈਆਂ। ਉਨ੍ਹਾਂ ਨੇ ਦੇਸ਼ ਤੇ ਵਿਦੇਸਾਂ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਰੂਜਵੇਲਟ, ਰੂਸ ਦੇ ਖਰੁਸ਼ਚੇਵ, ਚੀਨ ਦੇ ਕਾ ਮਾਉ ਜੇ ਤੁੰਗ, ਚਾਰਲੀ ਚੈਪਲਿਨ, ਯੂਰੀ ਗਾਗਰਿਨ ਆਦਿ ਨਾਲ ਮੁਲਾਕਾਤ ਕੀਤੀ।
ਖਵਾਜ਼ਾ ਅਹਿਮਦ ਅੱਬਾਸ ਦਾ ਸੰਪਰਦਾਇਕ ਹਿੰਸਾ ‘ਤੇ ਨਾਵਲ ‘ਇਨਕਲਾਬ’ ਬਹੁਤ ਪ੍ਰਸਿੱਧ ਹੋਇਆ। 45 ਫਿਲਮਾਂ ਲਈ ਨਿਰਦੇਸ਼ਕ, ਸੰਵਾਦ ਲੇਖਕ ਤੇ ਸਕਰੀਨ ਪਲੇਅ ਵਜੋਂ ਕੰਮ ਕੀਤਾ।
ਅਨੇਕਾਂ ਫਿਲਮਾਂ ਨੂੰ ਇਨਾਮ ਤੇ ਸਰਟੀਫਿਕੇਟ ਮਿਲੇ। ਉਨ੍ਹਾਂ ਦੀਆਂ ਪ੍ਰਸਿੱਧ ਫਿਲਮਾਂ ਪ੍ਰਦੇਸੀ, ਸਾਤ ਹਿੰਦੋਸਤਾਨੀ, ਦੋ ਬੂੰਦ ਪਾਣੀ ਤੇ ਨਕਸਲਬਾੜੀ ਹਨ। ਖਵਾਜ਼ਾ ਅਹਿਮਦ ਅੱਬਾਸ ਨੂੰ ਸਾਹਿਤਕ, ਉਰਦੂ ਅਕਾਦਮੀ, ਗਾਲਿਬ ਪੁਰਸਕਾਰ, ਸੋਵੀਅਤ ਲੈਂਡ ਪੁਰਸਕਾਰ, ਪਦਮ ਸ਼੍ਰੀ ਆਦਿ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਪਹਿਲੀ ਜੂਨ 1987 ਨੂੰ ਮੁੰਬਈ ਵਿਖੇ ਦੇਹਾਂਤ ਹੋ ਗਿਆ।
ਸੰਪਰਕ : 78889-73676