ਖੰਨਾ ਅੰਤਰਰਾਸ਼ਟਰੀ ਡਰੱਗ ਕੇਸ ‘ਚ ਵੱਡੀ ਕਾਰਵਾਈ, ਪਰਮਰਾਜ ਸਿੰਘ ਉਮਰਾਨੰਗਲ ਮੁਅੱਤਲ

TeamGlobalPunjab
2 Min Read

ਖੰਨਾ: ਅੰਤਰਰਾਸ਼ਟਰੀ ਡਰੱਗ ਕੇਸ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ IPS ਪਰਮਰਾਜ ਸਿੰਘ ਉਮਰਾਨੰਗਲ ਸਮੇਤ 5 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਪਰਮਰਾਜ ਸਿੰਘ ਉਮਰਾਨੰਗਲ ਦੇ ਨਾਲ ਵਰਿੰਦਰਜੀਤ ਸਿੰਘ ਥਿੰਦ, ਸੇਵਾ ਸਿੰਘ ਮੱਲੀ, ਪਰਮਿੰਦਰ ਸਿੰਘ ਬਾਠ ਅਤੇ ਕਰਨਸ਼ੇਰ ਸਿੰਘ ਸ਼ਾਮਲ ਹਨ। ਪਰਮਰਾਜ ਸਿੰਘ ਉਮਰਾਨੰਗਲ ਖਿਲਾਫ਼ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਡਰੱਗ ਕੇਸ ਦੌਰਾਨ ਉਮਰਾਨੰਗਲ ਉਸ ਵੇਲੇ ਲੁਧਿਆਣਾ ਰੇਂਜ ਦੇ ਡੀ.ਆਈ.ਜੀ ਸਨ। ਜਿਹਨਾਂ ਨੂੰ ਹੁਣ ਮੁਅੱਤਲ ਕਰ ਦਿੱਤਾ ਗਿਆ।

ਪਿੱਛਲੇ ਸਾਲ ਨਵੰਬਰ ਮਹੀਨੇ ਲੁਧਿਆਣਾ ਐੱਸਟੀਐੱਫ ਨੇ ਕਾਰਵਾਈ ਕਰਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਹਨਾਂ ਕੋਲੋਂ  5 ਕਿਲੋ 392 ਗਰਾਮ ਹੈਰੋਇਨ, 312 ਬੋਰ ਰਾਇਫਲ, 12 ਬੋਰ ਪੰਪ ਐਕਸ਼ਨ ਗੰਨ, 32 ਬੋਰ ਰਿਵਾਲਵਰ ਅਤੇ 21 ਲੱਖ ਰੁਪਏ ਕੈਸ਼ ਬਰਾਮਦ ਕੀਤਾ ਗਿਆ ਸੀ। ਇਨ੍ਹਾਂ ਮੁਲਜ਼ਮਾਂ ਤੋਂ 8 ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਸਨ।

ਐੱਸਟੀਐਫ ਨੇ ਗੁਰਦੀਪ ਸਿੰਘ ਦੀ ਤਫ਼ਤੀਸ਼ ਦੇ ਅਧਾਰ ’ਤੇ ਸਰਕਾਰ ਅਤੇ ਡੀਜੀਪੀ ਦਫਤਰ ਨੂੰ ਜੋ ਰਿਪੋਰਟ ਭੇਜੀ ਸੀ ਉਸ ਰਿਪੋਰਟ ’ਚ ਇਨ੍ਹਾਂ ਪੁਲੀਸ ਅਫਸਰਾਂ ਦੇ ਗੁਰਦੀਪ ਸਿੰਘ ਨਾਲ ਨੇੜਲੇ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਸੀ। ਇਹਨਾਂ ਮੁਲਜ਼ਮਾਂ ਵਿੱਚੋਂ ਮੁੱਖ ਮੁਲਜ਼ਮ ਸਰਪੰਚ ਗੁਰਦੀਪ ਸਿੰਘ ਰਾਣੋ ਵੀ ਸ਼ਾਮਲ ਹੈ। ਗੁਰਦੀਪ ਸਿੰਘ ਰਾਣੋ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਉਸ ਦੀਆਂ ਫੋਟੋਆਂ ਕਾਫੀ ਵਾਇਰਲ ਹੋਈਆਂ ਸੀ। ਇੱਕ ਫੋਟੋ ਉਸ ਦੀ ਪੰਜਾਬੀ ਗਾਇਕ ਰਣਜੀਤ ਬਾਵਾ ਨਾਲ ਵੀ ਵਾਇਰਲ ਹੋਈ ਸੀ।

Share This Article
Leave a Comment