ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ‘ਚ ਫਸੇ ਨਵਨੀਤ ਕਾਲਰਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਬੀਤੇ ਦਿਨੀਂ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਦਿੱਲੀ ਪੁਲਿਸ ਨੇ ਕਈ ਰੈਸਟੋਰੈਂਟਾਂ ਵਿਚ ਛਾਪੇ ਮਾਰੇ ਸਨ। ਛਾਪੇਮਾਰੀ ਦੌਰਾਨ, ਨਵਨੀਤ ਕਾਲੜਾ ਦੇ ਤਿੰਨ ਰੈਸਟੋਰੈਂਟਾਂ ‘ਖਾਨ ਚਾਚਾ’, ‘ਨੇਗਾ ਜੂ’ ਅਤੇ ‘ਟਾਊਨ ਹਾਲ’ ਤੋਂ 524 ਆਕਸੀਜਨ ਕੰਸਨਟ੍ਰੇਟਰ ਫੜੇ ਗਏ । ਇਸ ਤੋਂ ਬਾਅਦ ਇਹ ਕੇਸ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੂੰ ਤਬਦੀਲ ਕਰ ਦਿੱਤਾ ਗਿਆ।
5 ਮਈ ਨੂੰ ਕਾਲਰਾ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 420 (ਜਾਅਲਸਾਜ਼ੀ), 188 (ਜਨਤਕ ਸੇਵਕਾਂ ਦੇ ਹੁਕਮ ਦੀ ਉਲੰਘਣਾ), 120-ਬੀ (ਅਪਰਾਧਿਕ ਸਾਜ਼ਿਸ਼) ਅਤੇ 34 (ਸਮਾਨ ਇਰਾਦੇ ਨਾਲ ਕੰਮ ਕਰਨਾ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਕਾਲਰਾ ਨੇ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼ ਕੀਤਾ ਸੀ ਪਰ ਉਸ ਨੂੰ ਰਾਹਤ ਨਹੀਂ ਮਿਲੀ ਸੀ। ਪਟੀਸ਼ਨ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਖ਼ਿਲਾਫ਼ ਕੋਈ ਮਾਮਲਾ ਨਹੀਂ ਬਣਦਾ ਹੈ ਪਰ ਕੋਰਟ ਨੇ ਕਾਲਰਾ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛ ਜ਼ਰੂਰੀ ਹੈ। ਨਵਨੀਤ ਕਾਲਰਾ ਖਿਲਾਫ ਦਿੱਲੀ ਪੁਲਿਸ ਵੱਲੋਂ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਕੰਸਨਟ੍ਰੇਟਰ ਚੀਨ ਤੋਂ ਆਯਾਤ ਕੀਤੇ ਗਏ ਸਨ। ਇਸ ਨੂੰ 50,000 ਤੋਂ 70,000 ਰੁਪਏ ਦੀ ਵਧ ਕੀਮਤ ‘ਤੇ ਵੇਚਿਆ ਜਾ ਰਿਹਾ ਸੀ। ਜਦੋਂ ਕਿ ਇਸਦੀ ਕੀਮਤ 16,000 ਤੋਂ 22,000 ਰੁਪਏ ਹੈ।