ਨਵੀਂ ਦਿੱਲੀ : ਦਿੱਲੀ ਮੋਰਚੇ ‘ਤੇ ਡਟੇ ਕਿਸਾਨਾਂ ਦੀ ਲਗਾਤਾਰ ਮਦਦ ਕਰ ਰਹੀ ਖ਼ਾਲਸਾ ਏਡ ਨੇ ਟਿਕਰੀ ਬਾਰਡਰ ‘ਤੇ ‘ਕਿਸਾਨ ਮਾਲ’ ਹੀ ਬਣਾ ਦਿੱਤਾ ਹੈ, ਜਿਥੇ ਰੋਜ਼ਾਨਾ ਵਰਤੋਂ ‘ਚ ਆਉਣ ਵਾਲੀ ਹਰ ਚੀਜ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮਾਲ ‘ਚ ਕਿਸਾਨਾਂ ਲਈ ਸ਼ਾਲ, ਤੇਲ, ਗਰਮ ਪਾਣੀ ਦੀਆਂ ਬੋਤਲਾਂ, ਕੰਬਲ, ਸਵੈਟਰ, ਜੈਕਟਾਂ , ਜੁਰਾਬਾ, ਸ਼ੈਪੂ, ਟੁੱਥ ਬਰੱਸ਼, ਪੇਸਟ, ਜੁੱਤੀਆਂ, ਤੌਲੀਏ ਅਤੇ ਲੋਈਆਂ ਤੋਂ ਇਲਾਵਾ ਬਹੁਤ ਕੁਝ ਰੱਖਿਆ ਗਿਆ ਹੈ।
ਖਾਲਸਾ ਏਡ ਦੇ ਏਸ਼ੀਆਈ ਮਾਮਲਿਆਂ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਜ਼ਰੂਰਤ ਦਾ ਸਮਾਨ ਮਿਲਣ ਵਿਚ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਮਾਲ ਸਥਾਪਤ ਕਰਨ ਦਾ ਵਿਚਾਰ ਮਨ ਵਿਚ ਆਇਆ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਮੁਸ਼ਕਲਾਂ ਬਜ਼ੁਰਗਾਂ ਅਤੇ ਔਰਤਾਂ ਨੂੰ ਆ ਰਹੀਆਂ ਸਨ।
ਮਾਲ ਵਿਚ ਸਾਰੀਆਂ ਚੀਜ਼ਾਂ ਤਰਤੀਬਵਾਰ ਤਰੀਕੇ ਨਾਲ ਰੱਖੀਆਂ ਹੋਈਆਂ ਹਨ ਅਤੇ ਹਰ ਸ਼ਖਸ ਆਪਣੀ ਜ਼ਰੂਰਤ ਮੁਤਾਬਕ ਸਮਾਨ ਲੈ ਸਕਦਾ ਹੈ।