Khalsa Aid Founder ਆਸਟਰੀਆ ‘ਚ ਇੱਕ ਹਵਾਈ ਅੱਡੇ ‘ਤੇ ਖਾਲਸਾ ਏਡ ਦੇ ਮੁਖੀ ‘ਤੇ ਨਸਲੀ ਵਿਤਕਰਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੀਤੇ ਸ਼ੁੱਕਰਵਾਰ ਨੂੰ ਖਾਲਸਾ ਏਡ ਸੰਸਥਾ ਦੇ ਮੁਖੀ ਰਵਿੰਦਰ ਸਿੰਘ ਰਵੀ ਇਰਾਕ ਦੀਆਂ ਯਜ਼ਿਦੀ ਔਰਤਾਂ ਦੀ ਮਦਦ ਕਰਨ ਤੋਂ ਬਾਅਦ ਇੰਗਲੈਂਡ ਪਰਤ ਰਹੇ ਸਨ। ਹਵਾਈ ਅੱਡੇ ‘ਤੇ ਇੱਕ ਮਹਿਲਾ ਕਰਮਚਾਰੀ ਨੇ ਉਨ੍ਹਾ ਦੀ ਦਸਤਾਰ ਦਾ ਮਜ਼ਾਕ ਉਡਾਇਆ ਜਿਸ ਦੀ ਸਿੱਖ ਭਾਈਚਾਰੇ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ।
ਸੰਸਥਾ ਦੇ ਮੁੱਖੀ ਸਮਾਜ ਸੇਵਕ ਰਵੀ ਸਿੰਘ ਨੇ ਇਸ ਘਟਨਾ ਬਾਰੇ ਬੋਲਦਿਆਂ ਕਿਹਾ ਕਿ ਉਹ ਇਸ ਘਟਨਾ ਕਾਰਨ ਕਾਫ਼ੀ ਅਪਮਾਨਿਤ ਮਹਿਸੂਸ ਕਰ ਰਹੇ ਹਨ। ਮੈਟਰੋ ਡਾੱਟ ਸੀਓ ਡਾੱਟ ਯੂਕੇ ਦੀ ਰਿਪੋਰਟ ਮੁਤਾਬਕ ਰਵੀ ਸਿੰਘ ਉਨ੍ਹਾਂ ਯਜ਼ਿਦੀ ਔਰਤਾਂ ਦੀ ਮਦਦ ਕਰਨ ਤੋਂ ਬਾਅਦ ਇੰਗਲੈਂਡ ਪਰਤ ਰਹੇ ਸਨ, ਜਿਨ੍ਹਾਂ ਨੂੰ ਇਰਾਕ ਵਿੱਚ ‘ਇਸਲਾਮਿਕ ਸਟੇਟ’ ਅੱਤਵਾਦੀ ਜੱਥੇਬੰਦੀ ਨੇ ਗ਼ੁਲਾਮ ਬਣਾ ਕੇ ਰੱਖਿਆ ਹੋਇਆ ਸੀ।
ਰਵੀ ਸਿੰਘ ਸ਼ੁੱਕਰਵਾਰ ਨੂੰ ਜਦੋਂ ਵੀਐਨਾ ਹਵਾਈ ਅੱਡੇ ‘ਤੇ ਦੂਜਾ ਜਹਾਜ਼ ਚੜ੍ਹਨ ਲਈ ਜਾ ਰਹੇ ਸਨ ਤਾਂ ਉੱਥੋਂ ਦੇ ਸੁਰੱਖਿਆ ਕਰਮਚਾਰੀਆਂ ਨੇ ਪਹਿਲਾਂ ਉਨ੍ਹਾਂ ਦੀ ਦਸਤਾਰ ‘ਤੇ ਮੈਟਲ ਡਿਟੈਕਟਰ ਘੁਮਾ ਕੇ ਚੈਕਿੰਗ ਕੀਤੀ। ਫਿਰ ਉਸ ਤੋਂ ਬਾਅਦ ਉੱਥੇ ਮੌਜੂਦ ਇੱਕ ਮਹਿਲਾ ਸਟਾਫ਼ ਮੈਂਬਰ ਨੇ ਜ਼ੋਰ ਦਿੱਤਾ ਕਿ ਇਸ ਦਸਤਾਰ ਦੀ ਹੋਰ ਬਾਰੀਕੀ ਨਾਲ ਜਾਂਚ ਕੀਤਿ ਜਾਣੀ ਚਾਹੀਦੀ ਹੈ। ਉਸ ਵੇਲੇ ਉਸ ਸੁਰੱਖਿਆ ਅਧਿਕਾਰੀ ਨੇ ਰਵੀ ਸਿੰਘ ਦੀ ਖ਼ਾਸ ਤਲਾਸ਼ੀ ਲਈ ਤੇ ਉਸ ਅਧਿਕਾਰੀ ਨੇ ਹਵਾਈ ਅੱਡੇ ‘ਤੇ ਮੁਸਕਰਾਉਂਦੇ ਹੋਏ ਰੌਲ਼ਾ ਪਾ ਦਿੱਤਾ ਕਿ ਰਵੀ ਸਿੰਘ ਦੀ ਦਸਤਾਰ ’ਚੋਂ ਬੰਬ ਮਿਲਿਆ ਹੈ।
“Explosives ( Bomb) in your Turban,”
My experience of racism at Vienna Airport (@flughafen_wien ) last Friday ! https://t.co/6M6nyAxG83@NickyAACampbell @TherealNihal
— ravinder singh (@RaviSinghKA) August 19, 2019
ਮਜ਼ਾਕ ਕਰਨ ਵਾਲੀ ਉਹ ਸੁਰੱਖਿਆ ਅਧਿਕਾਰੀ ਮੁਸਕਰਾਉਂਦੀ ਰਹੀ ਫਿਰ ਰਵੀ ਸਿੰਘ ਨੇ ਉੱਥੇ ਇਸ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨਾਲ ਇਹ ਭੱਦਾ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਂ ਕੋਈ ਅਜਿਹੀ ਟਿੱਪਣੀ ਕੀਤੀ ਹੁੰਦੀ, ਤਾਂ ਤੁਸੀਂ ਮੈਨੂੰ ਜੇਲ੍ਹ ‘ਚ ਕਰ ਦੇਣਾ ਸੀ। ਇਸ ਲਈ ਇਸ ਸੁਰੱਖਿਆ ਅਧਿਕਾਰੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਪਰ ਉਸ ਮਹਿਲਾ ਅਧਿਕਾਰੀ ਨੇ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਮੁਸਕਰਾਉਂਦੀ ਰਹੀ।
ਦੱਸ ਦੇਈਏ ‘ਖ਼ਾਲਸਾ ਏਡ’ ਇੱਕ ਅਜਿਹੀ ਸੰਸਥਾ ਹੈ ਜੋ ਕਿ ਵਿਸ਼ਵ ਭਰ ‘ਚ ਸਮਾਜ ਭਲਾਈ ਦੇ ਕੰਮਾਂ ਲਈ ਪਛਾਣ ਬਣਾ ਚੁੱਕੀ ਹੈ। ਸਿੱਖ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਨੂੰ ਵਿਸ਼ਵ ਭਰ ਦੇ ਲੋਕ ਇਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ‘ਖ਼ਾਲਸਾ ਏਡ’ ਦੀ ਸਥਾਪਨਾ ਸਾਲ 1999 ਵਿਚ ਇੰਗਲੈਂਡ ਵਿਚ ਰਵਿੰਦਰ ਸਿੰਘ ਰਵੀ ਵਲੋਂ ਕੀਤੀ ਗਈ ਸੀ ਪਰ ਮੌਜੂਦਾ ਸਮੇਂ ਇਸ ਸੰਸਥਾ ਦੇ ਵਿਸ਼ਵ ਦੇ ਕੋਨੇ-ਕੋਨੇ ‘ਚ ਸੈਂਕੜੇ ਸੇਵਾਦਾਰ ਮੌਜੂਦ ਹਨ।
Khalsa Aid Founder