ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 20 ਨਵੰਬਰ ਤੋਂ ਮੋਗਾ ਫੇਰੀ ਦੌਰਾਨ ਸੂਬੇ ਵਿੱਚ ‘ਮਿਸ਼ਨ ਪੰਜਾਬ’ ਦੀ ਸ਼ੁਰੂਆਤ ਕਰਨਗੇ। ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੇ ਆਪਣੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸੇ ਤਹਿਤ ਹੀ ਕੇਜਰੀਵਾਲ 20 ਨਵੰਬਰ ਨੂੰ ਮੋਗਾ ਦੇ ਇੱਕ ਰੋਜ਼ਾ ਦੌਰੇ ‘ਤੇ ਹੋਣਗੇ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਤੂਫ਼ਾਨੀ ਪ੍ਰਚਾਰ ਕਰੇਗੀ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾ ਵਿੱਚ ਪੰਜਾਬ ਨੂੰ ਹਸਦਾ- ਵਸਦਾ ਪੰਜਾਬ ਦੇ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਿਸ਼ਨ ਪੰਜਾਬ ਦੇ ਤਹਿਤ ਅਰਵਿੰਦ ਕੇਜਰੀਵਾਲ ਸ਼ਹਿਰਾਂ, ਕਸਬਿਆਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਜਾਣਗੇ ਅਤੇ ਪਿੰਡ ਵਾਸੀਆਂ ਦੀ ਸਮੱਸਿਆਵਾਂ ਵੀ ਸੁਣਨਗੇ।