ਚੰਡੀਗੜ੍ਹ: ਭਾਜਪਾ ਪੰਜਾਬ ਦੇ ਬੁਲਾਰੇ ਸਾਬਕਾ ਆਈਏਐਸ ਐਸ.ਐਸ. ਚੰਨੀ ਨੇ ਭਾਜਪਾ ਪੰਜਾਬ ਦੇ ਸੂਬਾ ਪ੍ਰੇਸ ਸਕੱਤਰ ਹਰਦੇਵ ਸਿੰਘ ਉੱਭਾ ਦੇ ਨਾਲ ਭਾਜਪਾ ਪੰਜਾਬ ਦੇ ਸੂਬਾਈ ਦਫ਼ਤਰ ਸੈਕਟਰ 37-ਏ ਚੰਡੀਗੜ ਵਿਖੇ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਅਰਵਿੰਦ ਕੇਜਰੀਵਾਲ ਦੀ ਕਰੀਬੀ ਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਪੰਜਾਬ ਬਜਟ ਤਜਵੀਜ਼ਾਂ ਸੰਬੰਧੀ ਮੀਟਿੰਗ ਵਿੱਚ ਸ਼ਾਮਲ ਹੋਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨI ਇਹ ਬਹੁਤ ਗੰਭੀਰ ਤੇ ਚਿੰਤਾਂ ਦਾ ਵਿਸ਼ਾ ਹੈ। ਚੰਨੀ ਨੇ ਮੰਗ ਕਰਦਿਆਂ ਕਿਹਾ ਕੀ ਇਸ ਗੰਭੀਰ ਮਾਮਲੇ ਨੂੰ ਲੈ ਕੇ ਆਤਿਸ਼ੀ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰ ਸਾਰੇ ਜਿੰਮੇਵਾਰ ਮੰਤਰੀਆਂ ਤੇ ਅਫਸਰਾਂ ਦੇ ਖਿਲਾਫ ਪਰਚਾ ਦਰਜ ਕਰਕੇ ਸ਼ਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਐਸ.ਐਸ. ਚੰਨੀ ਨੇ ਕਿਹਾ ਕਿ ਕਾਨੂੰਨ ਅਨੁਸਾਰ ਬਜਟ ਪੇਸ਼ ਹੋਣ ਤੱਕ ਤਜਵੀਜ਼ਾਂ ਨੂੰ ਗੁਪਤ ਰੱਖਿਆ ਜਾਂਦਾ ਹੈ, ਕਿਸੇ ਤਰਾਂ ਦੀ ਜਾਣਕਾਰੀ ਲੀਕ ਕਰਨਾ ਗੈਰ ਕਾਨੂੰਨੀ ਹੈ। ਕੇਜਰੀਵਾਲ ਦੀ ਕਰੀਬੀ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਪੰਜਾਬ ਦੀ ਬਜਟ ਤਜਵੀਜ਼ਾਂ ਸੰਬੰਧੀ ਮੀਟਿੰਗ ਵਿੱਚ ਸ਼ਾਮਲ ਹੋਕੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦਿੱਲੀ ਤੋਂ ਚੱਲਦੀ ਹੈ ਅਤੇ ਪੰਜਾਬ ਦੇ ਅਸਲ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਹੀ ਹਨ।
ਚੰਨੀ ਨੇ ਕਿਹਾ ਕਿ ਪੰਜਾਬ ਦੀਆਂ ਅਤਿ ਗੁਪਤ ਮੀਟਿੰਗਾਂ ਵਿੱਚ ਆਤਿਸ਼ੀ, ਨਵਲ ਕਿਸ਼ੋਰ ਤੇ ਅਰਵਿੰਦ ਕੇਜਰੀਵਾਲ ਦੇ ਹੋਰ ਕਰੀਬੀਆਂ ਦੀ ਸ਼ਮੂਲੀਅਤ ਬਾਰੇ ਮੁੱਖਮੰਤਰੀ ਪੰਜਾਬ ਭਗਵੰਤ ਮਾਨ, ਆਪ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਆਤਿਸ਼ੀ ਆਪਣੀ ਸਥਿਤੀ ਸਪੱਸਟ ਕਰਨ ‘ਤੇ ਪੰਜਾਬੀਆ ਨੂੰ ਦੱਸਣ ਕਿ ਦਿੱਲੀ ਵਾਲੇ ਕਿਸ ਹੈਸੀਅਤ ਨਾਲ ਪੰਜਾਬ ਸਰਕਾਰ ਦੀਆਂ ਗੁਪਤ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਬਣਾਉਣ ਸਮੇਂ ਵੀ ਅਰਵਿੰਦ ਕੇਜਰੀਵਾਲ ਦੇ ਕਰੀਬੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ, ਉਸ ਮਾਮਲੇ ਦੀ ਵੀ ਜਾਂਚ ਹੋਣੀ ਚਾਹਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀ ਹੈ ,ਕਿਸਾਨਾਂ ਦੀ ਅਣਦੇਖੀ ‘ਤੇ ਬੁਨਿਆਦੀ ਸਹੂਲਤਾਂ ਮੁਹੱਈਆ ਨਾ ਕਰਵਾਉਣ ਕਾਰਨ ਪੰਜਾਬ ਦੇ ਕਿੰਨੂ ਕਾਸ਼ਤਕਾਰ ਆਪਣੇ ਬਾਗ ਪੁੱਟਣ ਲਈ ਮਜਬੂਰ ਹੋ ਰਹੇ ਹਨ। ਉਹਨਾਂ ਨੂੰ ਆਪਣੀ ਫ਼ਸਲ ਦਾ ਉਚਿਤ ਮੁੱਲ ਨਹੀ ਮਿਲ ਰਿਹਾ ਹੈ ,ਪਰ ਪੰਜਾਬ ਸਰਕਾਰ ਨੂੰ ਇਸਦੀ ਕੋਈ ਚਿੰਤਾ ਨਹੀ ਹੈ ।
ਐਸ.ਐਸ. ਚੰਨੀ ਨੇ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਪਿਛਲੀ ਦਿਨੀ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਮੁਆਵਜ਼ਾ ਦੇਵੇਗੀ, ਅਸੀ ਉਸਦਾ ਸਵਾਗਤ ਕਰਦੇ ਹਾਂ, ਪਰ ਪੰਜਾਬ ਸਰਕਾਰ ਦੇ ਐਲਾਨਾਂ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਹਿਲਾਂ ਵੀ ਬੇਮੋਸਮੀ ਬਰਸਾਤ ‘ਤੇ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਅਜੇ ਤੱਕ ਨਹੀਂ ਦਿੱਤਾ, ਜਦੋਂ ਕਿ ਮੁੱਖਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮਰੀ ਮੁਰਗੀ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦਾ 40 ਕਰੋੜ ਪੁਰਾਣਾ ਅਤੇ 190 ਕਰੋੜ ਹੁਣ ਦਾ ਬਕਾਇਆ ਪੰਜਾਬ ਸਰਕਾਰ ਵੱਲ ਖੜਾ ਹੈ, ਜੋ ਪੰਜਾਬ ਸਰਕਾਰ ਨਹੀ ਦੇ ਰਹੀ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਗੰਨਾ ਕਾਸ਼ਤਕਾਰਾਂ ਦੇ ਸਾਰੇ ਬਕਾਏ ਦਾ ਤੁਰੰਤ ਭੁਗਤਾਨ ਕਰੇ। ਉਹਨਾਂ ਕਿਹਾ ਕਿ ਕਾਂਗਰਸ ਵਿਰੋਧੀ ਧਿਰ ਦਾ ਆਪਣਾ ਫਰਜ਼ ਨਹੀ ਨਿਭਾ ਰਹੀ ਕਿਉਂਕਿ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਅੰਦਰਖਾਤੇ ਪੰਜਾਬ ਵਿੱਚ ਹੱਥ ਮਿਲਾ ਲਿਆ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ।