ਨਵੀਂ ਦਿੱਲੀ : ਦਿੱਲੀ ‘ਚ ਅੱਜ ਯਾਨੀ 10 ਜੂਨ ਤੋਂ ਸ਼ਰਾਬ ਸਸਤੀ ਹੋ ਜਾਵੇਗੀ। ਜਿਸ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੇ ਆਦੇਸ਼ ਜਾਰੀ ਕਰ ਦਿੱਤਾ ਹੈ। ਕੇਜਰੀਵਾਲ ਸਰਕਾਰ ਨੇ ਸ਼ਰਾਬ ‘ਤੇ ਲਗਾਏ ਗਏ 70 ਫੀਸਦੀ ਕੋਰੋਨਾ ਸੈੱਸ ਵਾਪਸ ਲੈ ਲਿਆ ਹੈ। ਜਿਸ ਤੋਂ ਬਾਅਦ ਅੱਜ ਤੋਂ ਦਿੱਲੀ ‘ਚ ਸ਼ਰਾਬ ਸਸਤੀ ਮਿਲੇਗੀ। ਇੱਥੇ ਦੱਸ ਦਈਏ ਕਿ ਦਿੱਲੀ ਸਰਕਾਰ ਨੇ ਇਸ ਦੇ ਨਾਲ ਹੀ ਸ਼ਰਾਬ ‘ਤੇ 5 ਫੀਸਦੀ ਵੈਟ ਵੀ ਵਧਾ ਦਿੱਤਾ ਹੈ। ਦਿੱਲੀ ‘ਚ ਹੁਣ ਸ਼ਰਾਬ ‘ਤੇ ਵੈਟ 25 ਫੀਸਦੀ ਹੋਵੇਗਾ ਜਦੋਂ ਕਿ ਪਹਿਲਾਂ ਸ਼ਰਾਬ ‘ਤੇ ਵੈਟ 20 ਫੀਸਦੀ ਲਗਾਇਆ ਜਾਂਦਾ ਸੀ।
ਦੱਸ ਦਈਏ ਕਿ ਲੌਕਡਾਊਨ 3.0 ਦੌਰਾਨ ਦਿੱਲੀ ਸਰਕਾਰ ਵੱਲੋਂ ਦਿੱਲੀ ‘ਚ ਵੱਧ ਰਹੇ ਕੋਰੋਨਾ ਸੰਕਰਮਣ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ। ਇਸ ਸਮੇਂ ਦੌਰਾਨ ਸ਼ਰਾਬ ਦੇ ਠੇਕਿਆਂ ‘ਤੇ ਹਜ਼ਾਰਾਂ ਦੀ ਭੀੜ ਇਕੱਠੀ ਹੋਣ ਲੱਗੀ। ਜਿਸ ਦੇ ਚੱਲਦਿਆਂ ਦਿੱਲੀ ਸਰਕਾਰ ਨੇ ਸ਼ਰਾਬ ਦੇ ਠੇਕਿਆਂ ‘ਤੇ ਭੀੜ ਘੱਟ ਕਰਨ ਲਈ ਸ਼ਰਾਬ ਦੀ ਕੀਮਤ ਵਿਚ 70 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਸੀ। ਲੋਕਾਂ ਵੱਲੋਂ ਠੇਕਿਆਂ ‘ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਧੱਜੀਆਂ ਉਡਾਈਆਂ ਗਈਆਂ। ਜਿਸ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ 5 ਮਈ ਤੋਂ ਦਿੱਲੀ ‘ਚ ਸ਼ਰਾਬ ‘ਤੇ 70 ਫੀਸਦੀ ਕੋਰੋਨਾ ਸੈੱਸ ਲਗਾਉਣ ਦਾ ਫੈਸਲਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਨਾਲ ਸਬੰਧਤ ਪਟੀਸ਼ਨ ‘ਤੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ। ਫਿਲਹਾਲ ਅਦਾਲਤ ਇਸ ਮਾਮਲੇ ਵਿੱਚ ਫੈਸਲਾ ਲੈਣ ਦੇ ਪੱਖ ਵਿੱਚ ਨਹੀਂ ਹੈ। ਹਾਲਾਂਕਿ, ਹਾਈ ਕੋਰਟ ਨੇ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਸ਼ਰਾਬ ਦੀ ਵਿਕਰੀ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਪਾਲਣ ਕੀਤੀ ਜਾਵੇ।