ਚੰਡੀਗੜ੍ਹ (ਅਵਤਾਰ ਸਿੰਘ): ਕਰੋਨਾ ਕਾਲ ਵਿੱਚ ਜਿੱਥੇ ਏਸ ਮਹਾਮਾਰੀ ਨੇ ਜੀਵਨ ਦੇ ਹਰ ਪਹਿਲੂ ਨੂੰ ਸੌੜਾ ਅਤੇ ਸੀਮਿਤ ਕਰ ਕੇ ਰੱਖ ਦਿੱਤਾ ਹੈ, ਉਥੇ ਇਸ ਜੀਵਨ ਵਿਚ ਇਕ ਖਲਾਅ ਜਿਹਾ ਆ ਗਿਆ ਹੈ। ਏਸੇ ਖਲਾਅ ਨੂੰ ਭਰਨ ਲਈ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੀ ਸਾਬਕਾ ਮੈਂਬਰ ਗੁਰਪ੍ਰੀਤ ਕੌਰ ਸੈਣੀ ਨੇ ਨਵੀਂ ਟੈਕਨਾਲੋਜੀ ਦੇ ਸਹਿਯੋਗ ਨਾਲ ਪੰਜਾਬੀ ਕਵੀਆਂ ਨੂੰ ਸੱਦਾ ਦੇ ਕੇ ਇਕ ਰਾਸ਼ਟਰੀ ਕਵੀ ਦਰਬਾਰ ਦਾ ਆਯੋਜਨ ਕੀਤਾ।
ਕਵੀ ਦਰਬਾਰ ਦੀ ਪ੍ਰਧਾਨਗੀ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਡਾਇਰੈਕਟਰ ਸੀ.ਆਰ. ਮੋਦਗਿਲ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਗੁਰੁ ਜੰਭੇਸ਼ਵਰ ਯੂਨੀਵਰਸਿਟੀ ਸਇੰਸ ਅਤੇ ਟੈਕਨਾਲੋਜੀ ਦੇ ਰਜਿਸਟਰਾਰ ਡਾਕਟਰ ਹਰਭਜਨ ਬਾਂਸਲ ਸ਼ਾਮਲ ਹੋਏ। ਪੰਜਾਬੀ ਭਾਸ਼ਾ ਦੇ ਉਸਤਾਦ ਗ਼ਜ਼ਲਗੋ ਬਲਬੀਰ ਸੈਣੀ ਦੀ ਰਹਿਨੁਮਾਈ ਵਿਚ ਹੋਏ ਇਸ ਕਵੀ ਦਰਬਾਰ ਵਿੱਚ ਦੇਸ਼-ਵਿਦੇਸ਼ ਦੇ ਕਵੀਆਂ ਨੇ ਕਵਿਤਾਵਾਂ ਪੇਸ਼ ਕੀਤੀਆ। ਜਿਥੇ ਏਹੋ-ਜਿਹੇ ਪ੍ਰੋਗਰਾਮ ਰਾਜ ਦੀਆਂ ਸਾਹਿਤਿਕ ਅਕੈਡਮੀਆਂ ਤੇ ਹੋਰ ਸਾਹਿਤਿਕ ਸੰਸਥਾਵਾ ਦੇ ਹੰਭਲਿਆਂ ਨਾਲ਼ ਹੋਣੇ ਚਾਹੀਦੇ ਹਨ, ਉਥੇ ਹੁਣ ਕਵੀਆਂ ਅਤੇ ਸਾਹਿਤਕਾਰਾਂ ਨੂੰ ਨਿਜੀ ਕੋਸ਼ਿਸ਼ਾਂ ਨਾਲ਼ ਕਰਵਾਉਣੇ ਪੈ ਰਹੇ ਹਨ।
ਇਸੇ ਲੜੀ ਵਿੱਚ ਅੱਜ ਦੇ ਕਵੀ ਦਰਬਾਰ ਵਿਚ ਆਸਟਰੇਲੀਆ ਤੋਂ ਮਨਜੀਤ ਕੌਰ ਅੰਬਾਲਵੀ ਨੇ ਆਪਣੀ ਕਵਿਤਾ ਵਿੱਚ ਕਰੋਨਾ ਤੋਂ ਪੈਦਾ ਹੋਏ ਹਾਲਾਤਾਂ ਦਾ ਵਿਸ਼ਵ-ਸਾਹਿਤ ਉਪਰ ਪ੍ਰਭਾਵ ਪੇਸ਼ ਕੀਤਾ, “ਮੈਲਬਰਨ ਦੀਆਂ ਸੁੰਨੀਆਂ ਸੜਕਾਂ ਦੇਖ-ਦੇਖ ਦਿਲ ਡਰਦਾ।” ਗੁਰੂ ਜੰਭੇਸ਼ਵਰ ਯੂਨੀਵਰਸਿਟੀ ਸਾਈਂਸ ਅਤੇ ਟੈਕਨਾਲੋਜੀ ਦੇ ਰਜਿਸਟਰਾਰ ਪ੍ਰੋਫੈਸਰ ਹਰਭਜਨ ਬੰਸਲ ਨੇ ਆਪਣੀ ਗ਼ਜ਼ਲ ਬਹੁਤ ਹੀ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕਰਦਿਆਂ ਕਿਹਾ,” ਦਰਦ ਖਾਂਦੇ ਹਾਂ ਅਤੇ ਦਰਦ ਪੀਂਦੇ ਹਾਂ ! ਜ਼ਿੰਦਗੀ ਪਰ ਆਪਣੀਆਂ ਸ਼ਰਤਾਂ ਤੇ ਜੀਂਦੇ ਹਾਂ।” ਪੰਜਾਬ ਤੋਂ ਨਿਰੰਜਣ ਬੋਹਾ ਨੇ ਆਪਣੇ ਮਨ ਦੀਆਂ ਭਾਵਨਾਵਾਂ ਇਉਂ ਬਿਆਨ ਕੀਤੀਆਂ,” ਸਵੈਮ-ਸੰਵਾਦ ਦੀ ਅਵਸਥਾ ਖੁਦ ਨਾਲ਼ ਰੂਬਰੂ ਹੋਣਾ ਹੈ।” ਪੰਜਾਬ ਦੇ ਨੰਗਲ ਸ਼ਹਿਰ ਤੋਂ ਉਸਤਾਦ ਗਜ਼ਲਗੋ ਬਲਬੀਰ ਸੈਣੀ ਨੇ ਅਪਣੀ ਗਜ਼ਲ ਪੇਸ਼ ਕਰਦਿਆਂ ਕਿਹਾ,”ਔਖੇ ਅੱਖਰ ਵੀ ਹੂੰਦੇ ਭਾਵੇਂ ਸਾਹਿਤ ਦਾ ਸਰਮਾਇਆ, ਸ਼ੇਅਰ ਦੇ ਵਿਚ ਸਾਦਗੀ ਦਾ ਮੁੱਲ ਵੀ ਕੋਈ ਨਹੀਂ।” ਰੋਹਤਕ ਦੀ ਕਵਿਤਰੀ ਕੰਵਲਜੀਤ ਕੌਰ ਜੁਨੇਜਾ ਨੇ,” ਦਿਲ ਕਰਦਾ ਫੇਰ ਚਿੱਠੀਆਂ ਦਾ ਮੌਸਮ ਆਏ ” ਕਵਿਤਾ ਨਾਲ਼ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਕੁਰੂਕਸ਼ੇਤਰ ਸ਼ਹਿਰ ਦੇ ਵਸਨੀਕ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਡਾਇਰੈਕਟਰ ਸੀ ਆਰ ਮੁਦਗਿਲ ਨੇ ਇਕ ਪ੍ਰਸਿਧ ਕਲਾਕਾਰ ਦੀ ਹੱਤਿਆ ਤੇ ਸਵਾਲ ਉਠਾਉਂਦਿਆਂ ਕਵਿਤਾ ਪੇਸ਼ ਕੀਤੀ। ਅੰਬਾਲਾ ਤੋਂ ਕਵੀ ਸੁਦਰਸ਼ਨ ਗਾਸੋ ਨੇ ਕਿਹਾ ਗੀਤ ਨਵਾਂ ਕੋਈ ਗਾ ਬੇਲੀਆ ! ਰੂਹ ਜਾਵੇ ਨਸ਼ਿਆ ਬੇਲੀਆ!!” ਅੰਬਾਲਾ ਦੇ ਹੀ ਪ੍ਰਸਿਧ ਕਵੀ ਗੁਰਚਰਨ ਸਿੰਘ ਜੋਗੀ ਨੇ ਇਹ ਕਹਿ ਕੇ ਵਾਹ-ਵਾਹ ਲੁੱਟੀ, ” ਉਠ ਵੇ ਜੋਗੀ ! ਚਲ ਵੇ ਜੋਗੀ !! ਮਸਲੇ ਦਾ ਕੱਢ ਹਲ਼ ਵੇ ਜੋਗੀ !! ਕਵਿਤਾ ਵਿਚ ਸਮਾਜਿਕ ਸਰੋਕਾਰਾਂ ਦੀ ਸੋਹਣੀ ਪੇਸ਼ਕਾਰੀ ਸੀ। ਫਤਹਿਬਾਦ ਤੋਂ ਕੁਮਾਰੀ ਨਿਤਿਆ ਚੁਘ ਦੀ ਕਵਿਤਾ ਨੇ ਸਭ ਦਾ ਮਨ ਮੋਹ ਲਿਆ। ਸਿਰਸਾ ਦੇ ਕਵੀ ਲਖਵਿੰਦਰ ਬਾਜਵਾ ਦੀ ਕਵਿਤਾ, “ਰੱਬਾ! ਜੇ ਤੂੰ ਹੁੰਦਾ ਜਨਾਨੀ। ਪਤੀ ਨਾ ਦਿੰਦਾ ਤੈਨੂੰ ਦੁਆਨੀ” ਵਿਚ ਔਰਤ ਦੀਆਂ ਮੁਸ਼ਕਲਾਂ ਅਤੇ ਦੁਸ਼ਵਾਰੀਆਂ ਨੂੰ ਵਿਅੰਗ ਰਾਹੀਂ ਸਮਝਾਇਆ। ਫਰੀਦਾਬਾਦ ਦੇ ਕਵੀ ਐਸ. ਐਸ. ਓਬਰੋਏ ਨੇ ਗ਼ਜ਼ਲ ਰਾਹੀਂ ਆਪਣੇ ਮਨ ਦੇ ਭਾਵ ਪੇਸ਼ ਕੀਤੇ ਅਤੇ ਉਮੀਦ ਕੀਤੀ ਕਿ ਇਸ ਟੈਕਨਾਲੋਜੀ ਦਾ ਪ੍ਰਯੋਗ ਕਰਦੇ ਹੋਏ ਇਸ ਤਰ੍ਹਾਂ ਦੇ ਕਵੀ ਦਰਬਾਰ ਅਤੇ ਸਹਿਤ ਦੀਆਂ ਹੋਰ ਵੰਨਗੀਆਂ ਉਤੇ ਗੋਸ਼ਟੀਆਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਸਹਿਤ ਦੀ ਰਫਤਾਰ ਵਿਚ ਕੋਈ ਕਮੀ ਨਾ ਆਏ। ਓਹ ਕਰੋਨਾ ਕਾਲ ਵਿੱਚ ਵੀ ਆਪਣੇ ਸ਼ੌਕ ਨੂੰ ਜਾਰੀ ਰੱਖਣਗੇ।
ਗੁਰਪ੍ਰੀਤ ਕੌਰ ਸੈਣੀ ਨੇ ਕਵੀ ਦਰਬਾਰ ਦਾ ਸੰਚਾਲਨ ਕਰਦੇ ਹੋਏ ਆਪਣੀ ਗਜ਼ਲ ਵੀ ਪੇਸ਼ ਕੀਤੀ, ” ਮਾੜੀ ਗਲ ਮੈਂ ਕਹਿਣ ਦੀ ਆਦੀ ਨਹੀਂ। ਐਵੇਂ ਕਿਸੇ ਨਾਲ ਖਹਿਣ ਦੀ ਆਦੀ ਨਹੀਂ “ਪੇਸ਼ ਕਰਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਕਵੀ ਦਰਬਾਰ ਅਸੀਂ ਕਰਦੇ ਰਹਾਂਗੇ ਅਤੇ ਦੇਸ਼- ਵਿਦੇਸ਼ ਦੇ ਕਵੀਆਂ ਨਾਲ਼ ਸੰਵਾਦ ਕਰ ਕੇ ਇਸ ਮਹਾਮਾਰੀ ਨੂੰ ਕਵਿਤਾ ਦੀ ਪ੍ਰੇਰਣਾ ਨਾਲ਼ ਹਰਾਉਣ ਦੀ ਕੋਸ਼ਿਸ਼ ਕਰਾਂਗੇ। ਕਵੀ ਦਰਬਾਰ ਵਿੱਚ ਕੁੱਲ ਤੇਰਾਂ ਕਵੀਆਂ ਨੇ ਭਾਗ ਲਿਆ।