ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ ‘ਐਮਐਫ ਗਬਰੂ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਦੇ ਸੈਕਟਰ-41B ਦੇ ਵਸਨੀਕ ਅਤੇ ਪੰਜਾਬੀ ਸਭਿਆਚਾਰ ਦੇ ਪੱਖ ਵਿੱਚ ਸਰਗਰਮ ਐਕਟੀਵਿਸਟ ਡਾ. ਪੰਡਿਤਰਾਓ ਧਰੇਨਵਰ ਨੇ ਇਸ ਗੀਤ ਦੇ ਵਿਰੁੱਧ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਅਧਿਕਾਰਕ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਗੀਤ ਪੰਜਾਬੀ ਸਭਿਆਚਾਰ ਦੇ ਵਿਰੁੱਧ ਹੈ ਅਤੇ ਇਸ ਵਿੱਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।
ਡਾ. ਧਰੇਨਵਰ ਨੇ ਸ਼ਿਕਾਇਤ ਵਿੱਚ ਕਿਹਾ, “ਕਰਨ ਔਜਲਾ ਦਾ ਗੀਤ ਸਾਡੇ ਸਭਿਆਚਾਰ ਦੇ ਵਿਰੁੱਧ ਹੈ ਅਤੇ ਇਸ ਵਿੱਚ ਮੌਜੂਦ ਅਸ਼ਲੀਲ ਸ਼ਬਦ ਬੱਚਿਆਂ ਅਤੇ ਨੌਜਵਾਨਾਂ ਦੇ ਦਿਮਾਗ ਨੂੰ ਦੂਸ਼ਿਤ ਕਰ ਸਕਦੇ ਹਨ। ਇਸ ਲਈ ਅਜਿਹੇ ਗੀਤਾਂ ‘ਤੇ ਰੋਕ ਲਗਾਉਣਾ ਜ਼ਰੂਰੀ ਹੈ।”
ਇਸ ਮਾਮਲੇ ਵਿੱਚ ਕੁੱਲ ਤਿੰਨ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ—ਦੋ ਲੁਧਿਆਣਾ ਵਿੱਚ ਅਤੇ ਇੱਕ ਚੰਡੀਗੜ੍ਹ ਵਿੱਚ। ਇਨ੍ਹਾਂ ਵਿੱਚੋਂ ਇੱਕ ਸ਼ਿਕਾਇਤ ਪਿੰਡ ਦੇ ਸਰਪੰਚ ਲਖਬੀਰ ਸਿੰਘ ਦੇ ਵਿਰੁੱਧ ਵੀ ਹੈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਰਨ ਔਜਲਾ ਦੇ ਇਸ ਗੀਤ ਦੀ ਸ਼ੂਟਿੰਗ ਪਿੰਡ ਵਿੱਚ ਹੋਈ ਸੀ ਅਤੇ ਸਰਪੰਚ ਨੇ ਇਸ ਦੀ ਇਜਾਜ਼ਤ ਦਿੱਤੀ ਸੀ। ਇਸ ਲਈ ਸਰਪੰਚ ਤੋਂ ਪੁੱਛਗਿੱਛ ਕਰਕੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਯੂਟਿਊਬ ‘ਤੇ 9 ਮਿਲੀਅਨ ਤੋਂ ਵੱਧ ਵਿਊਜ਼
ਕਰਨ ਔਜਲਾ ਦੇ ਇਸ ਗੀਤ ਨੂੰ ਸੋਸ਼ਲ ਮੀਡੀਆ ਅਤੇ ਯੂਟਿਊਬ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ 1 ਅਗਸਤ ਨੂੰ ਕਰਨ ਔਜਲਾ ਦੇ ਅਧਿਕਾਰਕ ਯੂਟਿਊਬ ਪੇਜ ‘ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਹੁਣ ਤੱਕ 9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੀ ਸ਼ੂਟਿੰਗ ਲੁਧਿਆਣਾ ਦੇ ਕਰਨ ਔਜਲਾ ਦੇ ਜੱਦੀ ਪਿੰਡ ਵਿੱਚ ਕੀਤੀ ਗਈ ਸੀ।
ਡਾ. ਧਰੇਨਾਞਵਰ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਬਚਾਉਣ ਲਈ ਅਸ਼ਲੀਲ ਅਤੇ ਭੜਕਾਊ ਗੀਤਾਂ ਦੇ ਵਿਰੁੱਧ ਕਾਰਵਾਈ ਜ਼ਰੂਰੀ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਗੀਤ ‘ਤੇ ਰੋਕ ਲਗਾਉਣ ਅਤੇ ਸਾਰਵਜਨਿਕ ਸਥਾਨਾਂ ‘ਤੇ ਇਸ ਦੇ ਪ੍ਰਸਾਰਣ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।