ਕਾਨਪੁਰ : ਕਾਨਪੁਰ ‘ਚ ਇਕ ਹਿਸਟ੍ਰੀਸ਼ੀਟਰ ਨੂੰ ਫੜਨ ਗਈ ਪੁਲਿਸ ਟੀਮ ‘ਤੇ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਵਿਚ ਇੱਕ ਡਿਪਟੀ ਐਸਪੀ ਸਮੇਤ ਅੱਠ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਹਨ ਅਤੇ ਸੱਤ ਹੋਰ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਸੀਐਮ ਯੋਗੀ ਆਦਿੱਤਿਆਨਾਥ ਨੇ ਇਸ ਮਾਮਲੇ ‘ਚ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦਰਅਸਲ ਪੁਲਿਸ ਕਾਨਪੁਰ ਦੇ ਚੌਬੇਪੁਰ ਥਾਣਾ ਖੇਤਰ ‘ਚ ਪੈਂਦੇ ਪਿੰਡ ਬੀਕਰੂ ‘ਚ ਛਾਪੇ ਦੌਰਾਨ ਹਿਸਟ੍ਰੀਸ਼ੀਟਰ ਵਿਕਾਸ ਦੂਬੇ ਨੂੰ ਫੜਨ ਲਈ ਗਈ ਸੀ। ਛਾਪੇਮਾਰੀ ਦੌਰਾਨ ਬਦਮਾਸ਼ਾਂ ਨੇ ਪੁਲਿਸ ਨੂੰ ਘੇਰ ਲਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਅੱਠ ਪੁਲਿਸ ਕਰਮੀ ਸ਼ਹੀਦ ਹੋ ਗਏ। ਜਿਨ੍ਹਾਂ ‘ਚ ਬਿਲਹੌਰ ਦੇ ਸੀਓ ਦਵੇਂਦਰ ਕੁਮਾਰ ਮਿਸ਼ਰਾ, ਸ਼ਿਵਰਾਜਪੁਰ ਦੇ ਐਸਓ ਮਹੇਸ਼ ਯਾਦਵ, ਐੱਸਐੱਚਓ ਅਨੂਪ ਕੁਮਾਰ।ਸਬ ਇੰਸਪੈਕਟਰ ਨੇਬੂਲਾਲ, ਸਿਪਾਹੀ ਸੁਲਤਾਨ ਸਿੰਘ, ਰਾਹੁਲ, ਜਤਿੰਦਰ ਅਤੇ ਬਬਲੂ ਸ਼ਾਮਲ ਹਨ। ਇਸ ਤੋਂ ਇਲਾਵਾ ਸੱਤ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਦੀ ਹਾਲਤ ਗੰਭੀਰ ਹੈ।
ਡੀਜੀਪੀ ਐਚਸੀ ਅਵਸਥੀ ਨੇ ਦੱਸਿਆ ਕਿ ਜਦੋਂ ਪੁਲਿਸ ਵਿਕਾਸ ਦੂਬੇ ਨੂੰ ਫੜਨ ਲਈ ਗਈ ਤਾਂ ਬਦਮਾਸ਼ਾਂ ਨੇ ਜੇਸੀਬੀ ਨਾਲ ਰਸਤਾ ਬੰਦ ਕਰ ਦਿੱਤਾ। ਇਸ ਦੌਰਾਨ ਜਦੋਂ ਪੁਲਿਸ ਕਰਮੀ ਗੱਡੀ ਤੋਂ ਹੇਠਾਂ ਉੱਤਰੇ ਤਾਂ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵੀ ਕੀਤੀ ਗਈ। ਜਿਸ ‘ਚ ਪੁਲਿਸ ਦੇ 8 ਮੁਲਾਜ਼ਮ ਸ਼ਹੀਦ ਹੋ ਗਏ। ਜਦ ਕਿ ਪੁਲਿਸ ਵਿਕਾਸ ਦੂਬੇ ਨੂੰ ਗ੍ਰਿਫਤਾਰ ਕਰਨ ‘ਚ ਅਸਫਲ ਰਹੀ।
ਵਿਕਾਸ ਦੂਬੇ ਉਹੀ ਦੋਸ਼ੀ ਹੈ ਜਿਸ ਨੇ 2001 ‘ਚ ਰਾਜਨਾਥ ਸਿੰਘ ਸਰਕਾਰ ਦੇ ਇੱਕ ਮੰਤਰੀ ਸੰਤੋਸ਼ ਸ਼ੁਕਲਾ ਨੂੰ ਥਾਣੇ ‘ਚ ਦਾਖਲ ਹੋ ਕੇ ਮਾਰ ਦਿੱਤਾ ਸੀ। ਪੁਲਿਸ ਕਤਲ ਕੇਸ ‘ਚ ਵਿਕਾਸ ਦੁਬੇ ਨੂੰ ਗ੍ਰਿਫਤਾਰ ਕਰਨ ਗਈ ਸੀ। ਦਸਣਯੋਗ ਹੈ ਕਿ ਵਿਕਾਸ ਦੂਬੇ ਖਿਲਾਫ 60 ਮਾਮਲੇ ਦਰਜ ਹਨ।