ਕੰਗਨਾ ਰਣੌਤ ਵੱਲੋਂ ਪਾਈਆਂ ਜਾ ਰਹੀਆਂ ਜ਼ਹਿਰ ਭਰੀਆਂ ਪੋਸਟਾਂ ਦੇ ਨਤੀਜੇ ਹੋ ਸਕਦੇ ਹਨ ਘਾਤਕ: ਬੀਬੀ ਜਗੀਰ ਕੌਰ

TeamGlobalPunjab
2 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੰਗਨਾ ਰਣੌਤ ਵੱਲੋਂ ਸਿੱਖਾਂ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਮੰਗੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਕੰਗਨਾ ਰਣੌਤ ਜਾਣਬੁੱਝ ਕੇ ਸਿੱਖਾਂ ਪ੍ਰਤੀ ਜ਼ਹਿਰ ਭਰੀਆਂ ਪੋਸਟਾਂ ਪਾ ਰਹੀ ਹੈ, ਜਿਸ ਦੇ ਨਤੀਜੇ ਘਾਤਕ ਹੋ ਸਕਦੇ ਹਨ। ਕੰਗਨਾ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਨਿੰਦਾ ਕਰਕੇ ਸਿੱਖਾਂ ਨੂੰ ਅੱਤਵਾਦੀ ਕਹਿਣਾ ਅਤੇ 1984 ‘ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਖ਼ਿਲਾਫ਼ ਕੀਤੀ ਮੰਦਭਾਗੀ ਕਾਰਵਾਈ ਦੀ ਤਰਫਦਾਰੀ ਕਰਨੀ ਉਸ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ।

ਬੀਬੀ ਜਗੀਰ ਕੌਰ ਨੇ ਆਖਿਆ ਕਿ ਕੰਗਨਾ ਨੇ ਸ਼ਾਇਦ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਿਆ, ਜੇਕਰ ਪੜ੍ਹਿਆ ਹੁੰਦਾ ਤਾਂ ਉਸ ਨੂੰ ਇਸ ਗੱਲ ਦੀ ਸਮਝ ਹੁੰਦੀ ਕਿ ਇਨ੍ਹਾਂ ਸਿੱਖਾਂ ਦੀ ਬਦੌਲਤ ਹੀ ਦੇਸ਼ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈ। ਦੇਸ਼ ਦੀ ਅਜ਼ਾਦੀ ਲਈ 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਹੀ ਦਿੱਤੀਆਂ ਹਨ। ਕੰਗਨਾ ਨੂੰ ਆਪਣੀ ਬੌਧਿਕ ਕੰਗਾਲੀ ਦੀ ਪੇਸ਼ਕਾਰੀ ਕਰਕੇ ਦੇਸ਼ ਦੇ ਹਾਲਾਤਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਅਦਾਕਾਰਾ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਕੰਗਨਾ ਵਿਰੁੱਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਵਾਈ ਆਰੰਭੀ ਗਈ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਹਰ ਪੱਧਰ ’ਤੇ ਸਹਿਯੋਗ ਕਰੇਗੀ।

- Advertisement -

Share this Article
Leave a comment