ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਅੱਜ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਹਿਮਾਚਲ ਦੇ ਮੰਡੀ ਤੋਂ ਅਦਾਕਾਰਾ ਕੰਗਨਾ ਰਣੌਤ ਨੂੰ ਟਿਕਟ ਦਿੱਤੀ ਹੈ। ਭਾਜਪਾ ਨੇ ਐਤਵਾਰ ਨੂੰ ਲੋਕ ਸਭਾ ਚੋਣਾਂ ਲਈ 111 ਹੋਰ ਉਮੀਦਵਾਰਾਂ ਦੇ ਨਾਂਅ ਐਲਾਨੇ ਹਨ, ਜਿਨ੍ਹਾਂ ‘ਚ ਕੇਂਦਰੀ ਮੰਤਰੀਆਂ ਅਸ਼ਵਨੀ ਕੁਮਾਰ ਚੌਬੇ ਅਤੇ ਵੀ.ਕੇ. ਸਿੰਘ ਤੋਂ ਇਲਾਵਾ ਸੰਸਦ ਮੈਂਬਰ ਵਰੁਣ ਗਾਂਧੀ ਨੂੰ ਛੱਡ ਕੇ ਅਦਾਕਾਰਾ ਕੰਗਨਾ ਰਣੌਤ ਅਤੇ ਅਰੁਣ ਗੋਵਿਲ ਨੂੰ ਮੈਦਾਨ ਵਿਚ ਉਤਾਰਿਆ ਹੈ।
ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਸੰਬਲਪੁਰ ਤੋਂ ਚੋਣ ਲੜਨਗੇ ਅਤੇ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ 2019 ‘ਚ ਨਜ਼ਦੀਕੀ ਮੁਕਾਬਲੇ ‘ਚ ਹਾਰਨ ਤੋਂ ਬਾਅਦ ਇਕ ਵਾਰ ਫਿਰ ਪੁਰੀ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਪਾਰਟੀ ਨੇ ਸੁਲਤਾਨਪੁਰ ਤੋਂ ਮੇਨਕਾ ਗਾਂਧੀ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਉੱਤਰ ਪ੍ਰਦੇਸ਼ ਦੇ ਮੰਤਰੀ ਜਿਤਿਨ ਪ੍ਰਸਾਦ ਨੂੰ ਪੀਲੀਭੀਤ ਤੋਂ ਵਰੁਣ ਗਾਂਧੀ ਦੀ ਜਗ੍ਹਾ ਟਿਕਟ ਦਿੱਤੀ ਹੈ।
ਸੀਤਾ ਸੋਰੇਨ ਦੁਮਕਾ (ਝਾਰਖੰਡ) ਤੋਂ ਚੋਣ ਲੜੇਗੀ। ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੂੰ ਉੱਤਰਾ ਕੰਨੜ ਹਲਕੇ ਤੋਂ ਉਤਾਰਿਆ ਹੈ। ਮਸ਼ਹੂਰ ਟੀ.ਵੀ. ਲੜੀਵਾਰ ਰਾਮਾਇਣ ‘ਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰੁਣ ਗੋਵਿਲ ਨੂੰ ਭਾਜਪਾ ਨੇ ਮੇਰਠ ਲੋਕ ਸਭਾ ਸੀਟ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।