ਜਸਟਿਸ ਧਵਨ ਨੇ ਐਨ.ਆਰ.ਆਈ. ਕਮਿਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

TeamGlobalPunjab
1 Min Read

ਚੰਡੀਗੜ੍ਹ: ਜਸਟਿਸ (ਸੇਵਾਮੁਕਤ) ਸ਼ੇਖਰ ਧਵਨ ਨੇ ਅੱਜ ਐਨ.ਆਰ.ਆਈ. ਕਮਿਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਕਮਿਸ਼ਨ ਦੇ ਦੋ ਹੋਰ ਮੈਂਬਰਾਂ ਐਮ.ਪੀ. ਸਿੰਘ ਤੇ ਸ਼ਵਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਅਹੁਦੇ ਸੰਭਾਲੇ। ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਐਨ.ਆਰ.ਆਈ. ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਹੋਰਾਂ ਦੀ ਹਾਜ਼ਰੀ ਵਿੱਚ ਇਸ ਦੀ ਰਸਮ ਅਦਾਇਗੀ ਹੋਈ।

ਚੇਅਰਮੈਨ ਤੇ ਹੋਰ ਮੈਂਬਰਾਂ ਦੀ ਵਧਾਈ ਦਿੰਦਿਆਂ ਰਾਣਾ ਸੋਢੀ ਨੇ ਧਵਨ ਵੱਲੋਂ ਨਿਆਇਕ ਪ੍ਰਣਾਲੀ ਦੀ ਮਜ਼ਬੂਤੀ ਵਿੱਚ ਪਾਏ ਲਾਮਿਸਾਨ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਇਨ੍ਹਾਂ ਤਿੰਨਾਂ ਦੀ ਅਗਵਾਈ ਵਿੱਚ ਕਮਿਸ਼ਨ ਨੂੰ ਬੇਹੱਦ ਲਾਭ ਮਿਲੇਗਾ ਅਤੇ ਪਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਨੂੰ ਛੇਤੀ ਹੱਲ ਕਰਨ ਵਿੱਚ ਮਦਦ ਮਿਲੇਗੀ।

ਦੁਨੀਆ ਦੇ ਵੱਖ ਵੱਖ ਕੋਨਿਆਂ ਵਿੱਚ ਆਪਣੇ ਕੰਮਾਂ ਰਾਹੀਂ ਪੰਜਾਬ ਤੇ ਭਾਰਤ ਦਾ ਮਾਣ ਵਧਾਉਣ ਵਾਲੇ ਪਰਵਾਸੀ ਪੰਜਾਬੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਐਨ.ਆਰ.ਆਈਜ਼ ਦੇ ਕੇਸਾਂ ਨਾਲ ਛੇਤੀ ਸਿੱਝਣ ਲਈ ਵਿਸ਼ੇਸ਼ ਅਦਾਲਤਾਂ ਸ਼ੁਰੂ ਕਰੇਗੀ।

ਚੇਅਰਮੈਨ ਦੀ ਜ਼ਿੰਮੇਵਾਰੀ ਦੇਣ ਉਤੇ ਧੰਨਵਾਦ ਕਰਦਿਆਂ ਜਸਟਿਸ ਧਵਨ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੇ ਸਮਰਪਣ ਨਾਲ ਨਿਭਾਉਣਗੇ।

ਇਸ ਮੌਕੇ ਚੇਅਰਮੈਨ ਹਰਿਆਣਾ ਖਪਤਕਾਰ ਫੋਰਮ ਜਸਟਿਸ ਟੀ.ਪੀ.ਐਸ. ਮਾਨ, ਮੈਂਬਰ ਐਨ.ਆਰ.ਆਈ. ਕਮਿਸ਼ਨ ਪੰਜਾਬ ਗੁਰਜੀਤ ਸਿੰਘ ਲਹਿਲ, ਸਕੱਤਰ ਐਨ.ਆਰ.ਆਈ. ਕਮਿਸ਼ਨ ਅਮਨਿੰਦਰ ਕੌਰ ਬਰਾੜ,  ਐਮ.ਪੀ. ਸਿੰਘ ਅਤੇ ਅਨਿਲ ਸ਼ਰਮਾ ਹਾਜ਼ਰ ਸਨ।

Share This Article
Leave a Comment