ਤਿੰਨ ਸੌ ਤੋਂ ਵੱਧ ਫ਼ਿਲਮਾਂ ਦਾ ਕਾਮੇਡੀ ਉਸਤਾਦ ਕਲਾਕਾਰ ਸੀ – ਜਾਨੀ ਵਾਕਰ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਤਿੰਨ ਸੌ ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਜਾਨੀਵਾਕਰ ਦਾ ਅਸਲ ਨਾਂ ਬਦਰੂਦੀਨ ਜਮਾਲੂਦੀਨ ਕਾਜ਼ੀ ਸੀ। ਉਹ 11 ਨਵੰਬਰ, ਸੰਨ 1926 ਨੂੰ ਜਨਮਿਆ ਸੀ ਤੇ 29 ਜੁਲਾਈ, 2003 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਿਆ ਸੀ। ਉਸ ਦੀਆਂ ਯਾਦਗਾਰ ਫ਼ਿਲਮਾਂ ਵਿੱਚ ‘ਬਾਜ਼ੀ, ਪਿਆਸਾ, ਜਾਲ, ਨਇਆ ਦੌਰ, ਸੀ.ਆਈ.ਡੀ., ਮਧੂਮਤੀ, ਦੇਵਦਾਸ, ਖੋਟਾ ਪੈਸਾ, ਭਾਈ ਬਹਿਨ,ਪੈਗ਼ਾਮ, ਛੋਟੇ ਨਵਾਬ, ਸ਼ਹਿਨਾਈ, ਦਿਲ ਦੀਆ ਦਰਦ ਲੀਆ, ਬਹੂ ਬੇਗ਼ਮ, ਪਾਲਕੀ, ਹਸੀਨਾ ਮਾਨ ਜਾਏਗੀ, ਅਨੰਦ, ਰਾਜਾ ਜਾਨੀ, ਸ਼ਾਨ ਅਤੇ ਮਜ਼ਦੂਰ’ ਆਦਿ ਦੇ ਨਾਂ ਲਏ ਜਾ ਸਕਦੇ ਹਨ।

ਆਓ ਜਾਨੀਵਾਕਰ ਦੇ ਜੀਵਨ ਸਬੰਧੀ ਕੁਝ ਦਿਲਚਸਪ ਤੱਥ ਜਾਣੀਏ :-

*ਜਾਨੀ ਵਾਕਰ ਦੇ ਅੱਬਾ ਇੰਦੌਰ ਨੇੜੇ ਇੱਕ ਮਿੱਲ ਵਿੱਚ ਮਜ਼ਦੂਰ ਸਨ ਤੇ ਜਾਨੀਵਾਕਰ ਉਨ੍ਹਾ ਦੇ ਦਸ ਬੱਚਿਆਂ ਵਿੱਚੋਂ ਦੂਜੇ ਨੰਬਰ ‘ਤੇ ਸੀ। ਮਿੱਲ ਬੰਦ ਹੋਣ ਕਰਕੇ ਜਦ ਉਨ੍ਹਾ ਨੂੰ ਪਰਿਵਾਰ ਸਮੇਤ ਬੰਬਈ ਸ਼ਿਫ਼ਟ ਹੋਣਾ ਪਿਆ ਤਾਂ ਪਰਿਵਾਰ ਦਾ ਸਹਾਰਾ ਬਣਨ ਲਈ ਜਾਨੀਵਾਕਰ ਨੂੰ ਗਲੀ ਗਲੀ ਕੁਲਫ਼ੀਆਂ, ਸਬਜ਼ੀ, ਫ਼ਲ ਅਤੇ ਸਟੇਸ਼ਨਰੀ ਆਦਿ ਵੇਚਣ ਦਾ ਕੰਮ ਕਰਨਾ ਪਿਆ ਸੀ।

- Advertisement -

*ਜਾਨੀਵਾਕਰ ਨੂੰ ਜਵਾਨੀ ਵੇਲੇ ਫ਼ਿਲਮਾਂ ਵੇਖਣ ਦਾ ਬੜਾ ਸ਼ੌਕ ਸੀ ਤੇ ਉਸ ਵੇਲੇ ਦੇ ਅਦਾਕਾਰ ਨੂਰ ਮੁਹੰਮਦ ਚਾਰਲੀ ਦਾ ਉਹ ਫ਼ੈਨ ਸੀ। ਉਸਦੀ ਬੜੀ ਤਮੰਨਾ ਸੀ ਕਿ ਉਹ ਵੀ ਫ਼ਿਲਮਾਂ ਵਿੱਚ ਕੰਮ ਕਰਕੇ ਨਾਮ ਕਮਾਵੇ ਪਰ ਵੱਡੇ ਪਰਿਵਾਰ ਨੂੰ ਪਾਲਣ ਦੀ ਜ਼ਿੰਮੇਦਾਰੀ ਨੇ ਉਸਦੇ ਪੈਰ ਬੰਨ ਰੱਖੇ ਸਨ। ਇੱਕ ਦਿਨ ਉਸਨੂੰ ਬੰਬਈ ਦੀ ਬੱਸ ਸਰਵਿਸ ਵਿੱਚ ਬਤੌਰ ਕੰਡਕਟਰ ਨੌਕਰੀ ਮਿਲ ਗਈ। ਆਪਣੀ ਨੌਕਰੀ ਦੌਰਾਨ ਉਹ ਵੱਖ ਵੱਖ ਤਰ੍ਹਾਂ ਦੇ ਅੰਦਾਜ਼ ਵਿੱਚ ਬੋਲਣ ਤੇ ਗਾਉਣ ਲੱਗ ਪਿਆ। ਉਸਨੂੰ ਲੱਗਦਾ ਸੀ ਕਿ ਕੋਈ ਨਾ ਕੋਈ ਬਾਲੀਵੁੱਡ ਨਾਲ ਜੁੜਿਆ ਸ਼ਖ਼ਸ ਉਸ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਬਾਲੀਵੁੱਡ ‘ਚ ਐਂਟਰੀ ਦਿਵਾ ਹੀ ਦੇਵੇਗਾ ਤੇ ਹੋਇਆ ਵੀ ਇੰਜ ਹੀ। ਅਦਾਕਾਰ ਬਲਰਾਜ ਸਾਹਨੀ ਨੂੰ ਉਸਦੀ ਕਲਾਕਾਰੀ ਚੰਗੀ ਲੱਗੀ ਤੇ ਉਸਨੇ ਬਦਰੂਦੀਨ ਉਰਫ਼ ਜਾਨੀਵਾਕਰ ਨੂੰ ਫ਼ਿਲਮ ‘ਹਲਚਲ’ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਦੁਆ ਦਿੱਤੀ।

ਸ਼ੂਟਿੰਗ ਦੌਰਾਨ ਸਾਥੀ ਕਲਾਕਾਰਾਂ ਦਾ ਭਰਪੂਰ ਮਨੋਰੰਜਨ ਕਰਕੇ ਉਹ ਸਭ ਦਾ ਚਹੇਤਾ ਬਣ ਗਿਆ ਤੇ ਸਾਹਨੀ ਸਾਹਿਬ ਨੇ ਇੱਕ ਦਿਨ ਉਸਦਾ ਮੇਲ ਫ਼ਿਲਮਕਾਰ ਗੁਰੂ ਦੱਤ ਨਾਲ ਕਰਵਾ ਦਿੱਤਾ ਜੋ ਉਸ ਵੇਲੇ ਫ਼ਿਲਮ ‘ਬਾਜ਼ੀ’ ਬਣਾ ਰਹੇ ਸਨ। ਉਨ੍ਹਾ ਨੇ ਬਦਰੂਦੀਨ ਨੂੰ ਇੱਕ ਸ਼ਰਾਬੀ ਦੀ ਐਕਟਿੰਗ ਕਰਕੇ ਵਿਖਾਉਣ ਲਈ ਕਿਹਾ ਤਾਂ ਬਦਰੂਦੀਨ ਨੇ ਇੰਨੀ ਸ਼ਿੱਦਤ ਨਾਲ ਸ਼ਰਾਬੀ ਦੀ ਐਕਟਿੰਗ ਕੀਤੀ ਕਿ ਉਨ੍ਹਾ ਨੇ ਉਸੇ ਵੇਲੇ ਉਸਦਾ ਨਾਂ ਬਦਰੂਦੀਨ ਦੀ ਥਾਂ ਸ਼ਰਾਬ ਦੇ ਇੱਕ ਮਸ਼ਹੂਰ ਬਰਾਂਡ ‘ਜਾਨੀਵਾਕਰ’ ਦੇ ਨਾਂ ‘ਤੇ ਰੱਖ ਦਿੱਤਾ ਤੇ ਫਿਰ ਇਸੇ ਨਾਂ ਹੇਠ ਉਸਨੇ ਸੈਂਕੜੇ ਫ਼ਿਲਮਾਂ ਵਿੱਚ ਕੰਮ ਕੀਤਾ ਜਿਨ੍ਹਾ ਵਿੱਚੋਂ ਗੁਰੂਦੱਤ ਦੀਆਂ ਅਧਿਕਤਰ ਫ਼ਿਲਮਾਂ ਵਿੱਚ ਉਹੋ ਹੀ ਮੁੱਖ ਕਾਮੇਡੀਅਨ ਸੀ।

ਜਾਨੀਵਾਕਰ ਬਾਲੀਵੁੱਡ ਦਾ ਅਜਿਹਾ ਪਹਿਲਾ ਅਦਾਕਾਰ ਸੀ ਜਿਸਨੇ ਸੈਕਟਰੀ ਜਾਂ ਮੈਨੇਜਰ ਰੱਖਣ ਦੀ ਪਿਰਤ ਸ਼ੁਰੂ ਕੀਤੀ ਸੀ। ਉਹ ਅਜਿਹਾ ਪਹਿਲਾ ਅਦਾਕਾਰ ਸੀ ਜਿਸਨੇ ਐਤਵਾਰ ਨੂੰ ਕੰਮ ਨਾ ਕਰਨ ਦਾ ਐਲਾਨ ਕੀਤਾ ਸੀ।

- Advertisement -

ਉਹ ਬਾਲੀਵੁੱਡ ਦਾ ਪਹਿਲਾ ਐਸਾ ਕਾਮੇਡੀਅਨ ਸੀ ਜਿਸ ਲਈ ਵਿਸ਼ੇਸ਼ ਤੌਰ ‘ਤੇ ਗੀਤ ਲਿਖੇ ਜਾਂਦੇ ਸਨ ਤੇ ਬਾਲੀਵੁੱਡ ਦੇ ਸਭ ਤੋਂ ਵੱਡੇ ਗਾਇਕ ਮੁਹੰਮਦ ਰਫ਼ੀ ਨੇ ਉਸ ਉੱਤੇ ਫ਼ਿਲਮਾਏ ਗਏ ਗੀਤ ਗਾਏ ਸਨ। ਬਹੁਤ ਸਾਰੇ ਡਿਸਟ੍ਰੀਬਿਊਟਰ ਉਸਦੇ ਗੀਤ ਫ਼ਿਲਮਾਂ ਵਿੱਚ ਸ਼ਾਮਿਲ ਕਰਨ ਲਈ ਫ਼ਿਲਮ ਨਿਰਮਾਤਾਵਾਂ ਨੂੰ ਮਜਬੂਰ ਕਰਿਆ ਕਰਦੇ ਸਨ ਕਿਉਂਕਿ ਲੋਕ ਉਸਦੇ ਗੀਤ ਬੇਹੱਦ ਪਸੰਦ ਕਰਦੇ ਸਨ। ਉਸਨੇ ਸੰਨ 1985 ਵਿੱਚ ‘ਪਹੁੰਚੇ ਹੋਏ ਲੋਗ’ ਨਾਂ ਦੀ ਫ਼ਿਲਮ ਬਤੌਰ ਨਿਰਮਾਤਾ-ਨਿਰਦੇਸ਼ਕ ਬਣਾਈ ਸੀ।

ਵੱਖ ਵੱਖ ਫ਼ਿਲਮਾਂ ਵਿੱਚ ਸ਼ਰਾਬੀ ਦਾ ਕਿਰਦਾਰ ਬੇਹੱਦ ਕਾਮਯਾਬ ਢੰਗ ਨਾਲ ਅਦਾ ਕਰਨ ਵਾਲੇ ਜਾਨੀਵਾਕਰ ਨੇ ਸਾਰੀ ਉਮਰ ਸ਼ਰਾਬ ਦਾ ਇੱਕ ਘੁੱਟ ਵੀ ਸੰਘ ਤੋਂ ਥੱਲੇ ਨਹੀਂ ਉਤਾਰਿਆ ਸੀ।

ਸੰਪਰਕ : 97816-46008

Share this Article
Leave a comment