ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੈਮੋਕਰੇਟ ਉਮੀਦਵਾਰ ਜੋਏ ਬਿਡੇਨ ਨੇ ਕਿਹਾ ਹੈ ਕਿ ਜੇਕਰ ਉਹ ਨਵੰਬਰ ਵਿਚ ਹੋਣ ਵਾਲੀ ਆਮ ਚੋਣਾਂ ਜਿੱਤਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਐਚ-1ਬੀ ਵੀਜ਼ਾ ਸਿਸਟਮ ਵਿਚ ਸੁਧਾਰ ਕਰੇਗੀ। ਇਸ ਦੇ ਨਾਲ ਹੀ ਉਹ ਗਰੀਨ ਕਾਰਡ ਕੋਟਾ ਵੀ ਖਤਮ ਕਰਨਗੇ। ਐਚ-1ਬੀ ਵੀਜ਼ਾ ਆਈਟੀ ਪੇਸ਼ੇਵਰਾਂ ਨੂੰ ਅਮਰੀਕਾ ਵਿਚ ਕੰਮ ਕਰਨ ਦੇ ਲਈ ਮਿਲਦਾ ਹੈ। ਹਰ ਸਾਲ ਹਜ਼ਾਰਾਂ ਭਾਰਤੀ ਇਸ ਵੀਜ਼ੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਵਿਚ ਰਹਿੰਦੇ ਹਨ।
ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਲਈ ਬਿਡੇਨ ਵੱਲੋਂ ਨੀਤੀ ਦਸਤਾਵੇਜ਼ ਜਾਰੀ ਕੀਤਾ ਗਿਆ। ਦੱਸ ਦਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਡੈਮੋਕਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਵਿਸ਼ੇਸ਼ ਤੌਰ ‘ਤੇ ਭਾਰਤੀ-ਅਮਰੀਕੀਆਂ ਦੇ ਲਈ ਨੀਤੀ ਦਸਤਾਵੇਜ਼ ਪੇਸ਼ ਕੀਤਾ ਹੈ। ਇਸ ਵਿਚ ਕਿਹਾ ਗਿਆ ਕਿ ਜੇਕਰ ਬਿਡੇਨ ਰਾਸ਼ਟਰਪਤੀ ਚੋਣ ਜਿੱਤਦੇ ਹਨ ਤਾਂ ਐਚ-1ਬੀ ਵੀਜ਼ੇ ਦੇ ਨਿਯਮਾਂ ਨੂੰ ਸੌਖਾਲਾ ਬਣਾਵਾਂਗੇ।
ਬਿਡੇਨ ਨੇ ਕਿਹਾ ਕਿ ਜੇਕਰ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਦਾ ਪ੍ਰਸ਼ਾਸਨ ਭਾਰਤ ਦੇ ਸਾਹਮਣੇ ਮੌਜੂਦ ਖਤਰਿਆਂ ਨਾਲ ਨਿਪਟਣ ਵਿਚ ਉਸ ਦੇ ਨਾਲ ਖੜ੍ਹਾ ਰਹੇਗਾ। ਇਸ ਦੇ ਨਾਲ ਹੀ ਦੱਖਣੀ ਏਸ਼ੀਆ ‘ਚ ਅੱਤਵਾਦ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਹੱਦ ਪਾਰ ਅਤੇ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਅਤੇ ਅਮਰੀਕਾ ਹਿੰਦ ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਭੂਮਿਕਾ ਦਾ ਸਮਰਥਨ ਕਰੇਗਾ।
ਬਿਡੇਨ ਨੇ ਅੱਗੇ ਕਿਹਾ ਕਿ ਉਹ ਰਾਸ਼ਟਰਪਤੀ ਦੇ ਤੌਰ ‘ਤੇ ਭਾਰਤੀ-ਅਮਰੀਕੀ ਭਾਈਚਾਰੇ ‘ਤੇ ਭਰੋਸਾ ਰੱਖਣਗੇ। ਇਹ ਭਾਈਚਾਰਾ ਦੋਵਾਂ ਦੇਸ਼ਾਂ ਨੂੰ ਜੋੜ ਕੇ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ‘ਚ ਸਭ ਤੋਂ ਵੱਧ ਭਾਰਤੀ-ਅਮਰੀਕੀ ਸਨ ਅਤੇ ਸਾਡੀ ਮੁਹਿੰਮ ਵਿੱਚ ਵੀ ਸਾਡੀ ਪਿਆਰੀ ਦੋਸਤ ਕਮਲਾ ਹੈਰਿਸ ਹਨ, ਜੋ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਭਾਰਤੀ-ਅਮਰੀਕੀ ਉਪ ਰਾਸ਼ਟਰਪਤੀ ਹੋਵੇਗੀ।