ਬ੍ਰਮ ਸ਼ੰਕਰ ਜਿੰਪਾ “ਵਾਟਰ ਵਿਜ਼ਨ 2047” ਸਬੰਧੀ ਦੋ ਰੋਜ਼ਾ ਕੌਮੀ ਕਾਨਫਰੰਸ ‘ਚ ਲੈਣਗੇ ਹਿੱਸਾ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਭੋਪਾਲ ਵਿਖੇ 5 ਅਤੇ 6 ਜਨਵਰੀ ਨੂੰ “ਵਾਟਰ ਵਿਜ਼ਨ 2047” ਵਿਸ਼ੇ ‘ਤੇ ਹੋਣ ਵਾਲੀ ਕੌਮੀ ਕਾਨਫਰੰਸ ਵਿਚ ਹਿੱਸਾ ਲੈਣਗੇ। ਇਹ ਆਪਣੀ ਤਰ੍ਹਾਂ ਦੀ ਅਜਿਹੀ ਪਹਿਲੀ ਕਾਨਫਰੰਸ ਹੈ ਜਿਸ ਵਿਚ ਕਈ ਸੂਬਿਆਂ ਦੇ ਮੰਤਰੀ ਹਿੱਸਾ ਲੈਣਗੇ ਅਤੇ ਪਾਣੀ ਦੀ ਯੋਗ ਵਰਤੋਂ ਅਤੇ ਇਸ ਦੇ ਹੋਰ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਚਰਚਾ ਕਰਨਗੇ।

ਇਸ ਬਾਬਤ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪਹਿਲੀ ਆਲ ਇੰਡੀਆ ਸਾਲਾਨਾ ਸੂਬਾ ਮੰਤਰੀਆਂ ਦੀ ਪਾਣੀ ਸਬੰਧੀ ਹੋਣ ਵਾਲੀ ਦੋ ਰੋਜ਼ਾ ਕਾਨਫਰੰਸ ਦਾ ਥੀਮ “ਵਾਟਰ ਵਿਜ਼ਨ 2047” ਰੱਖਿਆ ਗਿਆ ਹੈ। ਇਸ ਅਹਿਮ ਕਾਨਫਰੰਸ ਦਾ ਪ੍ਰਬੰਧ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਕੌਮੀ ਪਾਣੀ ਮਿਸ਼ਨ ਵੱਲੋਂ ਕੀਤਾ ਗਿਆ ਹੈ। ਦੋ ਦਿਨਾਂ ਵਿਚ ਕਈ ਵਿਸ਼ਿਆਂ ‘ਤੇ ਵਿਚਾਰ-ਚਰਚਾ ਕੀਤੀ ਜਾਵੇਗੀ ਜਿਨ੍ਹਾਂ ਵਿਚ ਮੁੱਖ ਤੌਰ ‘ਤੇ “ਵਾਟਰ ਵਿਜ਼ਨ 2047”, ਪਾਣੀ ਦੀ ਘਾਟ, ਜ਼ਿਆਦਾ ਪਾਣੀ ਅਤੇ ਪਹਾੜੀ ਇਲਾਕਿਆਂ ਵਿਚ ਪਾਣੀ ਦੀ ਸੁਰੱਖਿਆ, ਗੰਦੇ ਪਾਣੀ ਦੀ ਮੁੜ ਵਰਤੋਂ, ਪਾਣੀ ਪ੍ਰਬੰਧਨ ਅਤੇ ਮੌਸਮ ਤਬਦੀਲੀ ਦਾ ਪਾਣੀਆਂ ‘ਤੇ ਅਸਰ ਵਰਗੇ ਵਿਸ਼ੇ ਪ੍ਰਮੁੱਖ ਹੋਣਗੇ।

ਇਸ ਮੌਕੇ ‘ਜਲ ਇਤਿਹਾਸ’ ਨਾਂ ਦਾ ਇਕ ਸਬ-ਪੋਰਟਲ ਵੀ ਲਾਂਚ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਸੁਚੱਜੀ ਵਰਤੋਂ ਅਤੇ ਪੰਜਾਬ ਦੇ ਹਰੇਕ ਪੇਂਡੂ ਘਰ ਵਿਚ ਪਾਣੀ ਪਹੁੰਚਾਉਣ ਦੀ ਆਪਣੀ ਪ੍ਰਾਪਤੀ ਨੂੰ ਕੌਮੀ ਪੱਧਰ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਮਾਹਰਾਂ ਵੱਲੋਂ ਪੇਸ਼ ਕੀਤੇ ਵਿਚਾਰ ਸੂਬੇ ਵਿਚ ਭਵਿੱਖ ‘ਚ ਪਾਣੀ ਦੀ ਵਰਤੋਂ ਸਬੰਧੀ ਸੁਚਾਰੂ ਕਦਮ ਉਠਾਉਣ ਲਈ ਅਹਿਮ ਭੂਮਿਕਾ ਅਦਾ ਕਰਨਗੇ।

Share This Article
Leave a Comment