ਅਹਿਮਦਾਬਾਦ:ਗੁਜਰਾਤ ਦੇ ਆਜ਼ਾਦ ਵਿਧਾਇਕ ਅਤੇ ਆਗੂ ਜਿਗਨੇਸ਼ ਮੇਵਾਨੀ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਉਹ ਜੇਐਨਯੂ ਦੇ ਸਾਬਕਾ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਸਣੇ 28 ਸਤੰਬਰ ਨੂੰ ਕਾਂਗਰਸ ਵਿਚ ਸ਼ਾਮਲ ਹੋਣਗੇ। ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਨੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਨ੍ਹਇਆ ਕੁਮਾਰ ਨੂੰ ਨਾਲ ਆਉਣ ਦਾ ਆਫਰ ਦਿੱਤਾ ਸੀ ਪਰ ਉਦੋਂ ਤਕ ਇਹ ਸੰਭਵ ਨਹੀਂ ਹੋ ਸਕਿਆ ਸੀ।
ਮੇਵਾਨੀ ਨੇ ਸਾਲ 2017 ਵਿੱਚ ਬਨਾਸਕਾਂਠਾ ਜ਼ਿਲ੍ਹੇ ਦੇ ਵਡਗਾਮ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਹਮਾਇਤ ਨਾਲ ਚੋਣ ਜਿੱਤੀ ਸੀ। ਮੇਵਾਨੀ ਨੇ ਕਿਹਾ,‘‘ਮੈਂ ਕਨ੍ਹੱਈਆ ਕੁਮਾਰ ਸਣੇ 28 ਸਤੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਵਾਂਗਾ।’’ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਹੋਰ ਜ਼ਿਆਦਾ ਗੱਲਬਾਤ ਸ਼ਮੂਲੀਅਤ ਤੋਂ ਬਾਅਦ ਵਿਚ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਹੋਣ ਵਾਲੇ ਸਮਾਗਮ ਵਿਚ ਰਾਹੁਲ ਗਾਂਧੀ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨਗੇ। ਇਸ ਦੌਰਾਨ ਗੁਜਰਾਤ ਦੇ ਕਾਰਜਕਾਰੀ ਪਾਰਟੀ ਪ੍ਰਧਾਨ ਹਾਰਦਿਕ ਪਟੇਲ ਵੀ ਹਾਜ਼ਰ ਰਹਿਣਗੇ।