ਚੰਡੀਗੜ੍ਹ: ਆਲ ਇੰਡੀਆ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸਮਾਜ ਸੇਵੀ ਦਲ (ਰਜਿ:) ਅਤੇ ਰੰਗਰੇਟਾ ਦਲਿਤ ਸੈਨਾ, ਪੰਜਾਬ ਦੇ ਕੌਮੀ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਜਥੇਦਾਰ ਅਜਮੇਰ ਸਿੰਘ ਰੰਧਾਵਾ ਅਤੇ ਸੁਖਦੇਵ ਸਿੰਘ ਚੰਡੀਗੜ੍ਹ ਪ੍ਰਚਾਰ ਸੈਕਟਰੀ, ਪੰਜਾਬ ਆਪਣੇ 25 ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਹੈਡਕੁਆਟਰ ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਦਿਨੇਸ਼ ਕੁਮਾਰ ਅਤੇ ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੂੰ ਸਾਰਿਆਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ।
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਸ਼ਾਮਿਲ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਰੇ ਲੋਕ ਦਰਸ਼ਨ ਸਿੰਘ ਨੈਨਵਾਲ ਦੀ ਪ੍ਰੇਰਣਾ ਸਦਕਾ ਅਤੇ ਪਾਰਟੀ ਦੀ ਵਿਚਾਰਧਾਰਾ ‘ਤੋਂ ਪ੍ਰਭਾਵਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਜਥੇਦਾਰ ਰੰਧਾਵਾ ਅਤੇ ਸੁਖਦੇਵ ਸਿੰਘ ਆਪਣੀ ਪਾਰਟੀ ਵਿਚ ਬਹੁਤ ਸਰਗਰਮ ਕਾਰਕੁੰਨ ਰਹੇ ਹਨ ਅਤੇ ਉਨ੍ਹਾਂ ਨੇ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਹਨ ਅਤੇ ਉਨ੍ਹਾਂ ਦੇ ਕੰਮ ਦੇ ਮੱਦੇਨਜ਼ਰ ਉਨ੍ਹਾਂ ਨੂੰ ਪਾਰਟੀ ਦੀ ਤਰਫੋਂ ਭਾਜਪਾ ਵਿਚ ਸ਼ਾਮਲ ਕੀਤਾ ਗਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਭਾਜਪਾ ਦਿਨੋ-ਦਿਨ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਮਲ ਹੋਣ ਵਾਲੇ ਸਾਰੇ ਲੋਕ ਚੋਣਾਂ ਵਿੱਚ ਵੱਧ-ਚੜ੍ਹ ਕੇ ਕੰਮ ਕਰਨਗੇ ਅਤੇ ਪਾਰਟੀ ਦੀ ਵਿਚਾਰਧਾਰਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤਕ ਪਹੁੰਚ ਕੇ ਪਾਰਟੀ ਨੂੰ ਹੋਰ ਮਜਬੂਤ ਕਰਨਗੇ।
ਜਥੇਦਾਰ ਰੰਧਾਵਾ ਅਤੇ ਸੁਖਦੇਵ ਸਿੰਘ ਨੇ ਪਾਰਟੀ ਦੀ ਉੱਚ ਲੀਡਰਸ਼ਿਪ ਅਤੇ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਜ਼ਾਹਰ ਕੀਤੇ ਭਰੋਸੇ ‘ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਜੇ ਰਾਸ਼ਟਰ ਨੇ ਸਾਂਝੇ ਤੌਰ ਤੇ ਅੱਗੇ ਵਧਣਾ ਹੈ ਤਾਂ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਨੇਤਾ ਦੀ ਲੋੜ ਹੈ, ਜੋ ਦੇਸ਼ ਨੂੰ ਸਹੀ ਦਿਸ਼ਾ ਵੱਲ ਲਿਜਾ ਰਹੇ ਹਨ । ਉਹ ਪ੍ਰਧਾਨ ਮੰਤਰੀ ਦੀਆਂ ਦਲਿਤ ਸਮਾਜ ਅਤੇ ਲੋਕ-ਪੱਖੀ ਨੀਤੀਆਂ ਅਤੇ ਦੂਰਨਦੇਸ਼ੀ ਸੋਚ ਅਤੇ ਦੇਸ਼ ਦੇ ਹਿੱਤ ਲਈ ਸਹੀ ਫੈਸਲੇ ਲੈਣ ਦੀ ਯੋਗਤਾ ਤੋਂ ਪ੍ਰਭਾਵਤ ਹੋ ਕੇ, ਭਾਜਪਾ ‘ਚ ਸ਼ਾਮਲ ਹੋਏ ਹਨ।