ਰਾਜੌਰੀ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦਾ ਬੜਹਾਲ ਪਿੰਡ ਇੱਕ ਰਹੱਸਮਈ ਬਿਮਾਰੀ ਨਾਲ ਜੂਝ ਰਿਹਾ ਹੈ। ਰਾਜੌਰੀ ਦੇ ਇਸ ਪਿੰਡ ਵਿੱਚ ਪਿਛਲੇ ਡੇਢ ਮਹੀਨੇ ਵਿੱਚ ਇੱਕ ਰਹੱਸਮਈ ਬਿਮਾਰੀ ਕਾਰਨ 17 ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਨ੍ਹਾਂ ਵਿੱਚੋਂ 12 ਬੱਚੇ ਹਨ। ਪਰ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਇਸ ਬਿਮਾਰੀ ਦਾ ਅਸਲ ਕਾਰਨ ਕੀ ਹੈ। ਸਥਾਨਕ ਲੋਕ ਡਰੇ ਹੋਏ ਹਨ ਅਤੇ ਮੌਜੂਦਾ ਸਥਿਤੀ ਦੀ ਤੁਲਨਾ ਕੋਵਿਡ-19 ਦੇ ਦੌਰਾਨ ਵਾਲੀ ਸਥਿਤੀ ਨਾਲ ਕਰ ਰਹੇ ਹਨ। ਹਾਲਾਂਕਿ, ਰਾਜੌਰੀ ਸਰਕਾਰੀ ਮੈਡੀਕਲ ਕਾਲਜ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਿਮਾਰੀ ਛੂਤ ਵਾਲੀ ਨਹੀਂ ਹੈ ਅਤੇ ਇਹ ਮਹਾਂਮਾਰੀ ਵਿੱਚ ਨਹੀਂ ਬਦਲੇਗੀ।
ਅਧਿਕਾਰੀਆਂ ਅਨੁਸਾਰ, ਭੋਜਨ ਅਤੇ ਪਾਣੀ ਰਾਹੀਂ ਮਨੁੱਖੀ ਸਰੀਰ ਵਿੱਚ ਦਾਖ਼ਲ ਹੋਣ ਵਾਲੇ ਨਿਊਰੋਟੌਕਸਿਨ ਇਸ ਬਿਮਾਰੀ ਦਾ ਕਾਰਨ ਹੋ ਸਕਦੇ ਹਨ। ਇਸ ਦੌਰਾਨ, ਰਾਜੌਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਨੇ ਬਿਮਾਰੀ ਦੇ ਹੋਰ ਫੈਲਣ ਨੂੰ ਰੋਕਣ ਲਈ ਬੜਹਾਲ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਸਰਕਾਰੀ ਮੈਡੀਕਲ ਕਾਲਜ, ਰਾਜੌਰੀ ਦੇ ਪ੍ਰਿੰਸੀਪਲ ਏਐੱਸ ਭਾਟੀਆ ਨੇ ਦੱਸਿਆ ਕਿ 10 ਪਿੰਡ ਵਾਸੀ ਅਜੇ ਵੀ ਬਿਮਾਰ ਹਨ। ਇਨ੍ਹਾਂ ਵਿੱਚੋਂ ਛੇ ਨੂੰ ਰਾਜੌਰੀ ਦੇ ਇਸੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਤਿੰਨ ਮਰੀਜ਼ਾਂ ਨੂੰ ਇਲਾਜ ਲਈ ਜੰਮੂ ਅਤੇ ਇੱਕ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ।
ਸਿਹਤ ਅਧਿਕਾਰੀਆਂ ਮੁਤਾਬਕ ਬੜਹਾਲ ਪਿੰਡ ਵਿੱਚ ਮੌਤਾਂ 7 ਦਸੰਬਰ ਤੋਂ 19 ਜਨਵਰੀ ਦੇ ਵਿਚਾਲੇ ਹੋਈਆਂ ਹਨ। ਇਹ ਮੌਤਾਂ ਤਿੰਨ ਸਬੰਧਤ ਪਰਿਵਾਰਾਂ ਵਿੱਚ ਹੋਈਆਂ ਹਨ। ਇਸ ਬਿਮਾਰੀ ਤੋਂ ਪੀੜਤ ਲੋਕਾਂ ਵਿੱਚ ਪਹਿਲਾਂ ਬੁਖ਼ਾਰ, ਗਲੇ ਵਿੱਚ ਖਰਾਸ਼, ਉਲਟੀਆਂ ਅਤੇ ਦਸਤ ਵਰਗੇ ਲੱਛਣ ਦਿਖਾਈ ਦਿੱਤੇ ਸਨ। ਪਰ ਇਸ ਤੋਂ ਬਾਅਦ ਮਰੀਜ਼ ਅਚਾਨਕ ਬੇਹੋਸ਼ ਹੋਣ ਲੱਗ ਪਏ ਅਤੇ ਕੁਝ ਦੀ ਮੌਤ ਹੋ ਗਈ।
ਅਧਿਕਾਰੀਆਂ ਵਲੋਂ ਬਿਮਾਰੀ ਤੋਂ ਪ੍ਰਭਾਵਿਤ ਤਿੰਨ ਪਰਿਵਾਰਾਂ ਦੇ ਘਰਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀਿ ਇਨ੍ਹਾਂ ਪਰਿਵਾਰਾਂ ਦੇ ਨੇੜਲੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਰਾਜੌਰੀ ਦੇ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।