ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਪੁਲਿਸ ਨੇ ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ ਸਹਿਰਾਈ ਨੂੰ ਹਿਰਾਸਤ ‘ਚ ਲੈ ਲਿਆ ਹੈ। ਦੱਸ ਦਈਏ ਕਿ ਸਹਿਰਾਈ ਕਸ਼ਮੀਰੀ ਵੱਖਵਾਦੀ ਆਗੂ ਅਤੇ ਤਹਿਰੀਕ-ਏ-ਹੁਰੀਅਤ ਦਾ ਪ੍ਰਧਾਨ ਹੈ। ਸਹਿਰਾਈ ਹੁਰੀਅਤ ਦੇ ਇਤਿਹਾਸ ‘ਚ ਪਹਿਲੀ ਵਾਰ ਹੋਈ ਇਕ ਚੋਣ ਰਾਹੀਂ ਚੇਅਰਮੈਨ ਚੁਣਿਆ ਗਿਆ ਸੀ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਹਿਰਾਈ ਨੂੰ ਅੱਜ ਸਵੇਰੇ ਪੰਜ ਵਜੇ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਹਿਰਾਈ ਉੱਤੇ ਇਹ ਕਾਰਵਾਈ ਕਿਸ ਕੇਸ ਵਿੱਚ ਕੀਤੀ ਗਈ ਹੈ। ਸਹਿਰਾਈ ਨੂੰ 19 ਮਾਰਚ 2018 ਨੂੰ ਤਹਿਰੀਕ-ਏ-ਹੁਰੀਅਤ ਦੀ ਮਜਲਿਸ-ਏ-ਸ਼ੋਰਾ ਨੇ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਸੀ। ਬਾਅਦ ਵਿਚ ਉਹ 19 ਅਗਸਤ ਨੂੰ 3 ਸਾਲਾਂ ਲਈ ਚੇਅਰਮੈਨ ਚੁਣਿਆ ਗਿਆ ਸੀ।
ਮੁਹੰਮਦ ਅਸ਼ਰਫ ਸਹਿਰਾਈ 1959 ‘ਚ ਸਈਦ ਅਲੀ ਸ਼ਾਹ ਗਿਲਾਨੀ ਦਾ ਸਹਿਯੋਗੀ ਬਣਿਆ ਸੀ। 1965 ‘ਚ ਸਹਿਰਾਈ ਨੂੰ ਸਰਕਾਰ ਵਿਰੋਧੀ ਗਤੀਵਿਧੀਆਂ ਦੇ ਕਾਰਨ ਪਹਿਲੀ ਵਾਰ ਜੇਲ੍ਹ ਭੇਜਿਆ ਗਿਆ ਸੀ। ਸਹਿਰਾਈ ਦਾ ਬੇਟਾ ਜੁਨੈਦ ਐਮਬੀਏ ਦੀ ਪੜ੍ਹਾਈ ਕਰਨ ਤੋਂ ਬਾਅਦ ਹਿਜ਼ਬੁਲ ਅੱਤਵਾਦੀ ਸੰਗਠਨ ‘ਚ ਸ਼ਾਮਲ ਹੋ ਗਿਆ ਸੀ ਹਾਲ ਹੀ ਵਿੱਚ ਸ਼੍ਰੀਨਗਰ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ।