ਚੰਡੀਗੜ੍ਹ: ਪੰਜਾਬ ਲਈ ਮਾਣ ਵਾਲੀ ਖਬਰ ਹੈ। ਨੀਤੀ ਆਯੋਗ ਦੇ ‘ਐਸਪੀਰੇਸ਼ਨਲ ਬਲਾਕ ਪ੍ਰੋਗਰਾਮ’ ਅਧੀਨ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਬਲਾਕ ਨੇ ਜਨਵਰੀ ਤੋਂ ਮਾਰਚ 2025 ਦੀ ਤਿਮਾਹੀ ’ਚ ਉੱਤਮ ਪ੍ਰਦਰਸ਼ਨ ਕਰਕੇ ਜ਼ੋਨ 2 ’ਚ ਸਿਖਰਲਾ ਸਥਾਨ ਹਾਸਲ ਕੀਤਾ। ਨੀਤੀ ਆਯੋਗ ਦੇ ਸੀਈਓ ਬੀ.ਵੀ.ਆਰ. ਸੁਬ੍ਰਹਮਣੀਅਮ ਨੇ ਇੱਕ ਅਧਿਕਾਰਤ ਪੱਤਰ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਸ਼ਾਹਕੋਟ ਨੂੰ 1.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ।
ਪੱਤਰ ’ਚ ਜ਼ਿਕਰ ਕੀਤਾ ਗਿਆ ਕਿ ਸ਼ਾਹਕੋਟ ਬਲਾਕ ਨੇ ਮੁੱਖ ਪ੍ਰਦਰਸ਼ਨ ਸੂਚਕਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਨਾਲ ਇਹ ਮੁਕਾਮ ਪ੍ਰਾਪਤ ਕੀਤਾ। ਸੁਬ੍ਰਹਮਣੀਅਮ ਨੇ ਜ਼ਿਲ੍ਹਾ ਅਤੇ ਬਲਾਕ ਦੀਆਂ ਟੀਮਾਂ ਦੀ ਸ਼ਲਾਘਾ ਕੀਤੀ ਅਤੇ ਜਲੰਧਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਲਈ “ਚੰਗੀ ਸੇਵਾ ਐਂਟਰੀ” ਦੀ ਸਿਫਾਰਸ਼ ਵੀ ਕੀਤੀ।
ਨੀਤੀ ਆਯੋਗ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਰਾਸ਼ੀ ਦੀ ਵਰਤੋਂ ਲਈ 14 ਜੁਲਾਈ 2025 ਤੱਕ ਵਿਸਤ੍ਰਿਤ ਯੋਜਨਾ ਤਿਆਰ ਕਰਕੇ ਭੇਜਣ ਦੇ ਹੁਕਮ ਦਿੱਤੇ ਹਨ। ਇਹ ਯੋਜਨਾ ਕੇਂਦਰੀ ਅਤੇ ਰਾਜ ਨੋਡਲ ਅਧਿਕਾਰੀਆਂ ਨਾਲ ਮਸ਼ਵਰੇ ਨਾਲ ਬਣੇਗੀ। ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੂੰ ਜ਼ਿਲ੍ਹਾ ਕੁਲੈਕਟਰ ਨੂੰ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦੇਣ ਲਈ ਕਿਹਾ ਗਿਆ ਹੈ।
ਇਸ ਸਨਮਾਨ ਨਾਲ ਜਲੰਧਰ ਜ਼ਿਲ੍ਹਾ ਵਿਕਾਸ ਅਤੇ ਪ੍ਰਸ਼ਾਸਕੀ ਕੁਸ਼ਲਤਾ ’ਚ ਮੋਹਰੀ ਸਾਬਤ ਹੋਇਆ, ਜਿਸ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ।