ਪਹਿਲਗਾਮ: ਜੰਮੂ-ਕਸ਼ਮੀਰ ਦੀ ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦੀ ਤਣਾਅ ਹੋਰ ਵੱਧ ਗਿਆ ਹੈ। ਇਸ ਨੂੰ ਦੇਖਦਿਆਂ ਰੱਖਿਆ ਮੰਤਰਾਲੇ ਦੇ ਅਧੀਨ ਆਉਣ ਵਾਲੀ ਮਿਊਨਿਸ਼ਨ ਇੰਡੀਆ ਲਿਮਟਿਡ (MIL) ਨੇ ਦੇਸ਼ ਭਰ ਦੀਆਂ 12 ਆਰਡੀਨੈਂਸ ਫੈਕਟਰੀਆਂ ਦੇ ਕਰਮਚਾਰੀਆਂ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀਆਂ ਹਨ। ਇਹ ਫੈਸਲਾ ਸਰਹੱਦ ‘ਤੇ ਵੱਧ ਰਹੀ ਤਣਾਅਪੂਰਨ ਸਥਿਤੀ ਅਤੇ ਰੱਖਿਆ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਮਧ ਪ੍ਰਦੇਸ਼ ਦੇ ਜਬਲਪੁਰ ਦੀ ਆਰਡੀਨੈਂਸ ਫੈਕਟਰੀ ਖਮਰੀਆ ਅਤੇ ਮਹਾਰਾਸ਼ਟਰ ਦੀ ਚਾਂਦਾ ਫੈਕਟਰੀ ਨੇ ਕਰਮਚਾਰੀਆਂ ਦੀਆਂ ਲੰਬੀਆਂ ਛੁੱਟੀਆਂ ਰੱਦ ਕਰਦਿਆਂ ਉਨ੍ਹਾਂ ਨੂੰ ਤੁਰੰਤ ਡਿਊਟੀ ‘ਤੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ। ਖਮਰੀਆ ਫੈਕਟਰੀ, ਜੋ ਵਾਯੂਸੈਨਾ ਲਈ ਵਿਸ਼ੇਸ਼ ਕਿਸਮ ਦੇ ਬੰਬ ਬਣਾਉਂਦੀ ਹੈ, 2016 ਦੀ ਸਰਜੀਕਲ ਸਟ੍ਰਾਈਕ ਦੌਰਾਨ ਵੀ ਆਪਣਾ ਯੋਗਦਾਨ ਪਾ ਚੁੱਕੀ ਹੈ।
ਆਲ ਇੰਡੀਆ ਡਿਫੈਂਸ ਐਮਪਲਾਈਜ਼ ਫੈਡਰੇਸ਼ਨ ਦੇ ਅਧਿਕਾਰੀ ਅਰਨਬ ਦਾਸਗੁਪਤਾ ਨੇ ਦੱਸਿਆ ਕਿ “ਅਸੀਂ ਐਮਿਊਨਿਸ਼ਨ ਕੰਪਨੀ ਵਿੱਚ ਕੰਮ ਕਰਦੇ ਹਾਂ ਅਤੇ ਮੌਜੂਦਾ ਹਾਲਾਤਾਂ ਵਿੱਚ ਉਤਪਾਦਨ ਜ਼ਿਆਦਾ ਹੈ, ਇਸੇ ਲਈ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ। ਇਸ ਗੱਲ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ “ਇਹ ਇੱਕ ਆਮ ਪ੍ਰਕਿਰਿਆ ਵੀ ਹੋ ਸਕਦੀ ਹੈ ਜੋ ਰੱਖਿਆ ਤਿਆਰੀਆਂ ਦੇ ਤਹਿਤ ਵਾਰ-ਵਾਰ ਹੁੰਦੀ ਰਹਿੰਦੀ ਹੈ।”
ਕੇਂਦਰ ਸਰਕਾਰ ਰੱਖਿਆ ਤਿਆਰੀਆਂ ‘ਚ ਕੋਈ ਕਮੀ ਨਹੀਂ ਛੱਡ ਰਹੀ
ਸੂਤਰਾਂ ਦੇ ਅਨੁਸਾਰ, ਭਾਰਤ-ਪਾਕਿਸਤਾਨ ਸਰਹੱਦੀ ਹਾਲਾਤ ਨੂੰ ਦੇਖਦੇ ਹੋਏ ਰੱਖਿਆ ਮੰਤਰਾਲੇ ਨੇ ਸਾਰੀਆਂ ਤਿਆਰੀਆਂ ਨੂੰ ਅਗਲੇ ਪੱਧਰ ‘ਤੇ ਲੈ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਗੋਲਾ-ਬਾਰੂਦ ਅਤੇ ਹਥਿਆਰਾਂ ਦੀ ਸਪਲਾਈ ਚੇਨ ਨੂੰ ਬਣਾਈ ਰੱਖਣ ਲਈ ਆਰਡੀਨੈਂਸ ਵਿੱਚ ਕੰਮ ਦੀ ਗਤੀ ਤੇਜ਼ ਕਰ ਦਿੱਤੀ ਗਈ ਹੈ।