ਚੰਡੀਗੜ੍ਹ: ਅੱਜ ਕੱਲ੍ਹ ਸਿਆਸੀ ਆਗੂ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਿੱਚ ਮਸਰੂਫ ਹਨ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਵਿੱਚ ਹੋਈ ਵੱਡੀ ਰੱਦੋਬਦਲ ਤੇ ਕਾਟੋ ਕਲੇਸ਼ ਦੇ ਥੰਮਣ ਤੋਂ ਬਾਅਦ ਸ਼੍ਰੀਕੇਦਾਰਨਾਥ ਧਾਮ ਵਿੱਚ ਸੁਨਹਿਰੀ ਭਵਿੱਖ ਲਈ ਦਰਸ਼ਨ ਕਰਕੇ ਆਏ ਹਨ।
ਉਨ੍ਹਾਂ ਦੇ ਸਿਆਸੀ ਗਰਮ ਮਾਹੌਲ ਤੋਂ ਬਾਅਦ ਇਨ੍ਹਾਂ ਦੋਵਾਂ ਲੀਡਰਾਂ ਦੀਆਂ ਬਰਫ ਨਾਲ ਲੱਦੇ ਪਰਬਤਾਂ ਦੇ ਪੈਰਾਂ ਵਿੱਚ ਖੜਿਆਂ ਦੀਆਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਤਸਵੀਰਾਂ ਕਾਫੀ ਚਰਚਾ ਵਿੱਚ ਰਹੀਆਂ। ਪਵਿੱਤਰ ਧਾਮ ਦੀ ਸ਼ਰਨ ਅਤੇ ਠੰਢੇ ਪਰਬਤਾਂ ਨੇ ਪੰਜਾਬ ਦਾ ਸਿਆਸੀ ਮਾਹੌਲ ਹਾਲ ਦੀ ਘੜੀ ਕਿਸੇ ਹੱਦ ਤੱਕ ਸ਼ਾਂਤ ਕਰ ਦਿੱਤਾ ਲੱਗਦਾ ਹੈ।
ਕੇਦਾਰ ਤੀਰਥ ਸਰਬਸ੍ਰੇਸ਼ਠ ਹੈ। ਇਸੇ ਭ੍ਰਿਗੁ ਤੁੰਗ ਪਰਬਤ ਦੀ ਭ੍ਰਿਗੁਸ਼ਿਲਾ ਉੱਤੇ ਤਪ ਕਰਨ ਨਾਲ ਗਊ ਹੱਤਿਆ, ਬ੍ਰਹਮ ਹੱਤਿਆ, ਕੁਲ ਹੱਤਿਆ ਦੇ ਪਾਪ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਕੇਦਾਰਖੰਡ ਵਿੱਚ ਸ਼ਰਧਾਲੂਆਂ ਨੂੰ ਇਹ ਵੀ ਸੁਚੇਤ ਕੀਤਾ ਜਾਂਦਾ ਹੈ ਕਿ ਕੇਦਾਰ ਮੰਦਿਰ ਦੇ ਦਰਸ਼ਨ ਕੀਤੇ ਬਿਨਾਂ ਬਦਰੀਨਾਥ ਜਾਣ ਨਾਲ ਯਾਤਰਾ ਅਜਾਈਂ ਚਲੀ ਜਾਂਦੀ ਹੈ। ਨਤੀਜੇ ਵਜੋਂ, ਘੜੀ ਦੇ ਉਲਟ ਦਿਸ਼ਾ ਵਿੱਚ ਯਾਤਰਾ ਕਰਨ ਦੀ ਪ੍ਰਕਿਰਿਆ ਦਾ ਅਰਥ ਹੈ ਕਿ ਖੱਬੇ ਪਾਸੇ ਤੋਂ ਯਾਤਰਾ ਕਰਦੇ ਹੋਏ, ਵਿਅਕਤੀ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਜਾਂਦਾ ਹੈ ਅਤੇ ਫਿਰ ਬਦਰੀਨਾਥ ਦੀ ਯਾਤਰਾ ‘ਤੇ ਜਾਂਦਾ ਹੈ।
ਜਿਸ ਤਰ੍ਹਾਂ ਹਿਮਾਲਿਆ ਨੂੰ ਕੁਦਰਤ ਦਾ ਸਭ ਤੋਂ ਉੱਚਾ ਮਹਾਨ ਮੰਦਿਰ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਕੇਦਾਰ ਤੀਰਥ ਅਤੇ ਮੰਦਿਰ ਨੂੰ ਉੱਤਰਾਖੰਡ ਦੇ ਮਹਾਨ ਅਤੇ ਮਹਾਨ ਤੀਰਥ ਦਾ ਨਾਂ ਦਿੱਤਾ ਗਿਆ ਹੈ। ਇਹ ਜਾਣਿਆ ਜਾਂਦਾ ਹੈ ਕਿ ਹਿਮਾਲਿਆ ਦੇ ਪੰਜ ਮੁੱਖ ਭਾਗਾਂ ਦੀ ਗਿਣਤੀ ਕਰਦੇ ਹੋਏ, ਪੁਰਾਣਾਂ ਵਿੱਚ ਸਥਿਤ ਪੰਜ ਮੁੱਖ ਤੀਰਥਾਂ ਦਾ ਸੰਕਲਪ ਹੈ – ਨੇਪਾਲ ਵਿੱਚ ਪਸ਼ੂਪਤੀਨਾਥ, ਕੂਰਮਾਂਚਲ ਵਿੱਚ ਜਾਗੇਸ਼ਵਰ, ਕੇਦਾਰਖੰਡ ਵਿੱਚ ਕੇਦਾਰਨਾਥ, ਹਿਮਾਚਲ ਵਿੱਚ ਬੈਜਨਾਥ ਅਤੇ ਕਸ਼ਮੀਰ ਵਿੱਚ ਅਮਰਨਾਥ। ਕੇਦਾਰ ਤੀਰਥ ਦੇ ਮਹੱਤਵਪੂਰਨ ਸਥਾਨ ਕਾਰਨ ਗੜ੍ਹਵਾਲ ਦਾ ਪ੍ਰਾਚੀਨ ਨਾਮ ਕੇਦਾਰਖੰਡ ਪਿਆ ਅਤੇ ਜਦੋਂ ਇਸ ਧਰਤੀ ਦੇ ਤੀਰਥਾਂ ਦੀ ਮਹੱਤਤਾ ਨੂੰ ਇੱਕ ਪੁਰਾਣ ਵਿੱਚ ਪੇਸ਼ ਕੀਤਾ ਗਿਆ ਤਾਂ ਇਸਦਾ ਨਾਮ ਕੇਦਾਰਖੰਡ ਪੁਰਾਣ ਹੀ ਰੱਖਿਆ ਗਿਆ। ਇਸ ਲਈ ਸ਼੍ਰੀਕੇਦਾਰਨਾਥ ਧਾਮ ਦੀ ਮਹੱਤਤਾ ਦੇ ਕਾਰਨ, ਸਕੰਦ ਪੁਰਾਣ ਵਿੱਚ ਇਸ ਖੇਤਰ ਦਾ ਜ਼ਿਕਰ ਕੇਦਾਰਖੰਡ ਦੇ ਨਾਮ ਨਾਲ ਕੀਤਾ ਗਿਆ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੇਦਾਰਨਾਥ ਦੇ ਦੌਰੇ ‘ਤੇ ਹਨ। ਮੋਦੀ ਨੇ ਸ਼ੁੱਕਰਵਾਰ ਨੂੰ ਕੇਦਾਰਨਾਥ ਧਾਮ ‘ਚ ਪੂਜਾ ਕੀਤੀ। ਉਪਰੰਤ ਉਨ੍ਹਾਂ ਨੇ ਗੁਰੂ ਆਦਿ ਸ਼ੰਕਰਾਚਾਰੀਆ ਦੀ ਸਮਾਧੀ ‘ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਮੂਰਤੀ ਦਾ ਉਦਘਾਟਨ ਕੀਤਾ।
ਇਸੇ ਤਰ੍ਹਾਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਰਹਿ ਚੁੱਕੇ ਹਰੀਸ਼ ਰਾਵਤ ਵੀ ਹਰਿਦੁਆਰ ਦੇ ਦੌਰੇ ਉਪਰ ਹਨ। ਸ਼ੁਕਰਵਾਰ ਸਵੇਰੇ ਉਨ੍ਹਾਂ ਨੇ ਤਿਲਭਾਂਡੇਸ਼ਵਰ ਮਹਾਦੇਵ ਮੰਦਿਰ ਵਿੱਚ ਪੂਜਾ ਕੀਤੀ। ਉਸ ਤੋਂ ਬਾਅਦ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਨਿਯੁਕਤ ਹੋਏ ਮਹੰਤ ਰਵਿੰਦਰ ਪੂਰੀ ਮਹਾਰਾਜ ਨੂੰ ਵਧਾਈ ਦਿੱਤੀ। ਸ਼ਾਮ ਨੂੰ ਲਕਸਰ ਪਹੁੰਚ ਕੇ ਸ਼ੂਗਰ ਮਿੱਲ ਵਿਚ ਜਾ ਕੇ ਗੰਨਾ ਉਤਪਾਦਕਾਂ ਤੇ ਕਿਸਾਨਾਂ ਦੇ ਹੱਕ ਵਿੱਚ ਮੌਨ ਵਰਤ ਰੱਖਣਗੇ।
ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇਦਾਰਨਾਥ ਧਾਮ ਵਿੱਚ ਭੋਲੇਨਾਥ ਦੀ ਪੂਜਾ ਕਰਨਗੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਹਰਦੁਆਰ ਵਿੱਚ ਭਗਵਾਨ ਭੋਲੇਨਾਥ ਦੀ ਪੂਜਾ ਕਰਨਗੇ।
ਵੱਖ ਵੱਖ ਪਾਰਟੀਆਂ ਦੇ ਇਨ੍ਹਾਂ ਸਿਆਸੀ ਆਗੂਆਂ ਦੀ ਇਸ ਧਾਰਮਿਕ ਯਾਤਰਾ ਨੂੰ ਆਮ ਲੋਕ 2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ।