ਬਿੰਦੁੂ ਸਿੰਘ
ਪੰਜਾਬ ਦੀਆਂ ਚੋਣਾਂ ਦੇ ਨਤੀਜੇ ਆਉਣ ਵਾਲੇ ਦਿਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਪਰ ਇਸ ਦੇ ਨਾਲ ਹੀ ਅਗਲੀ ਗੱਲ ਕੀਤੀ ਜਾਵੇ ਤਾਂ ਉਹ ਹੈ ਰਾਜ ਸਭਾ ਦੇ ਵਿੱਚ ਜਾਣ ਵਾਲੇ ਮੈਂਬਰਾਂ ਦੀ।
ਸੂਬੇ ਪੰਜਾਬ ਤੋਂ ਕੁੱਲ 7 ਰਾਜ ਸਭਾ ਮੈਂਬਰ ਚੁਣੇ ਜਾਂਦੇ ਹਨ। ਜੇਕਰ ਪਹਿਲਾਂ ਦੀ ਤਰ੍ਹਾਂ ਹੀ ਰਾਜ ਸਭਾ ਲਈ ਚੋਣਾਂ ਅਪ੍ਰੈਲ ਤੇ ਜੁਲਾਈ ਵਿੱਚ ਹੁੰਦੀਆਂ ਹਨ ਤਾਂ ਫਿਰ ਜਿਹੜੀ ਵੀ ਕੋਈ ਪਾਰਟੀ ਮਜ਼ਬੂਤ ਧਿਰ ਦੇ ਤੌਰ ਤੇ ਵਿਧਾਨ ਸਭਾ ਵਿੱਚ ਸਥਾਪਤ ਹੋਵੇਗੀ ਉਸ ਦੇ 3 ਲੀਡਰਾਂ ਨੂੰ ਵਿਧਾਨ ਸਭਾ ਦੇ ਮੈਂਬਰ ਬਣਨ ਦਾ ਮੌਕਾ ਮਿਲੇਗਾ।
ਪਰ ਜੇਕਰ 7 ਮੈਂਬਰਾਂ ਲਈ ਚੋਣ ਇੱਕੋ ਵਾਰ ਹੁੰਦੀ ਹੈ ਤਾਂ ਇੱਕ ਰਾਜ ਸਭਾ ਮੈਂਬਰ ਬਣਨ ਦੇ ਲਈ 17 ਵੋਟਾਂ ਦੀ ਲੋੜ ਹੁੰਦੀ ਹੈ। ਰਾਜ ਸਭਾ ਮੈਂਬਰ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਜਦੋਂ ਕਿ ਲੋਕ ਸਭਾ ਦੇ ਮੈਂਬਰ ਦਾ ਕਾਰਜਕਾਲ ਪੰਜ ਸਾਲ ਦਾ ਹੀ ਹੁੰਦਾ ਹੈ। ਰਾਜ ਸਭਾ ‘ਚ ਚੁਣੇ ਹੋਏ ਮੈਂਬਰਾਂ ਦੀ ਗਿਣਤੀ 233 ਹੇੈ ਤੇ 12 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਪਿਛਲੀ ਚੋਣ ਸਾਲ 2016 ਵਿੱਚ ਅਪ੍ਰੈਲ ਤੇ ਜੁਲਾਈ ਦੇ ਮਹੀਨਿਆਂ ‘ਚ ਹੋਈ ਸੀ ਤੇ ਉਸ ਵੇਲੇ ਸੂਬੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀ। ਹੁਣ ਰਾਜ ਸਭਾ ਮੈਂਬਰਾਂ ਲਈ ਚੋਣ ਇਸ ਸਾਲ (2022) ਵਿੱਚ ਹੋਣੀ ਹੇੈ।
2016 ਵਿੱਚ ਜਦੋਂ ਰਾਜ ਸਭਾ ਮੈਂਬਰਾਂ ਦੀ ਚੋਣ ਹੋਈ ਸੀ ਉਸ ਵਕਤ ਸੂਬੇ ਵਿੱਚ ਅਕਾਲੀ ਭਾਜਪਾ ਸੱਤਾ ਤੇ ਕਾਬਜ਼ ਸੀ। ਅਕਾਲੀ ਭਾਜਪਾ ਗੱਠਜੋੜ ਜਿੱਤੇ ਹੋਏ 70 ਵਿਧਾਇਕ ਲੈ ਕੇ ਸਰਕਾਰ ‘ਚ ਸੀ, ਕਾਂਗਰਸ ਕੋਲ 44 ਵਿਧਾਇਕ ਸਨ ਤੇ ਬਾਕੀ 3 ਆਜ਼ਾਦ ਵਿਧਾਇਕ ਸਨ। ਇਸ ਤਰੀਕੇ ਕਾਂਗਰਸ ਪਾਰਟੀ ਇੱਕ ਮਜ਼ਬੂਤ ਵਿਰੋਧੀ ਧਿਰ ਦੇ ਰੂਪ ‘ਚ ਸੀ।
2016 ਵਿੱਚ ਰਾਜ ਸਭਾ ਲਈ ਚੁਣੇ ਗਏ 7 ਮੈਂਬਰਾਂ ‘ਚ ਅਕਾਲੀ ਦਲ ਤੋੰ 3 ਮੈਂਬਰ ਤੇ ਕਾਂਗਰਸ ਤੋੰ ਵੀ 3 ਤੇ ਭਾਜਪਾ ਤੋਂ1 ਮੈਂਬਰ ਸਨ। ਹੁਣ ਇਸ ਸਾਲ ਅਪ੍ਰੈਲ ਮਹੀਨੇ ‘ਚ ਕਾਂਗਰਸ ਦੇ ਸ਼ਮਸ਼ੇਰ ਦੂਲੋ ਤੇ ਪ੍ਰਤਾਪ ਸਿੰਘ ਬਾਜਵਾ, ਭਾਰਤੀ ਜਨਤਾ ਪਾਰਟੀ ਦੇ ਸ਼ਵੇਤ ਮਲਿਕ ਅਤੇ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਦਾ ਕਾਰਜਕਾਲ ਪੂਰਾ ਹੋਣਾ ਹੈ। ਜਦੋਂ ਕਿ ਅਕਾਲੀ ਦਲ ਦੇ ਦੋਹਾਂ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਤੇ ਬਲਵਿੰਦਰ ਸਿੰਘ ਭੂੰਦੜ ਅਤੇ ਕਾਂਗਰਸ ਦੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਇਨ੍ਹਾਂ ਤਿੰਨਾਂ ਦਾ ਕਾਰਜਕਾਲ ਜੁਲਾਈ ਵਿੱਚ ਪੂਰਾ ਹੋਣਾ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਜਿਸ ਹੌਸਲੇ ਨਾਲ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਚ ਲੋਕਾਂ ਦਾ ਫ਼ਤਵਾ ਉਨ੍ਹਾਂ ਦੀ ਪਾਰਟੀ ਨੂੰ ਜਾਵੇਗਾ ਅਤੇ ਉਹ ਸਰਕਾਰ ਬਣਾਉਣ ਵੱਲ ਅੱਗੇ ਵਧ ਰਹੇ ਹਨ। ਉਸ ਹਿਸਾਬ ਨਾਲ ਇਸ ਵਾਰ ਪੰਜਾਬ ਤੋਂ ਬਣਨ ਵਾਲੇ 7 ਰਾਜ ਸਭਾ ਮੈਂਬਰਾਂ ਦੀ ਲਿਸਟ ਵਿੱਚ ਆਮ ਆਦਮੀ ਪਾਰਟੀ ਦਾ ਖਾਤਾ ਵੀ ਖੁੱਲ੍ਹ ਸਕਦਾ ਹੈ।
ਹਾਲਾਂਕਿ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਮਜ਼ਬੂਤ ਵਿਰੋਧੀ ਧਿਰ ਦੇ ਰੂਪ ਵਿੱਚ 20 ਸੀਟਾਂ ਜਿੱਤ ਕੇ ਆਈ ਸੀ ਪਰ ਉਸ ਸਮੇਂ ਰਾਜ ਸਭਾ ਦੀਆਂ ਚੋਣਾਂ ਨਹੀਂ ਸੀ ਹੋਈਆਂ।
ਵੈਸੇ ਤਾਂ ਇਸ ਵਾਰ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਵੀ ਤੇ ਵੋਟਾਂ ਭੁਗਤਣ ਤੋਂ ਬਾਅਦ ਵਿੱਚ ਵੀ ਕਿਸੇ ਵੀ ਨਤੀਜੇ ਤੇ ਪਹੁੰਚਣਾ ਸਭਨਾਂ ਲਈ ਔਖਾ ਹੋਇਆ ਪਿਆ ਹੈ। ਪਰ ਫੇਰ ਵੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 80 ਸੀਟਾਂ ਨਾਲ ਜੇਤੂ ਹੋ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੇੈ। ਹਾਲਾਂਕਿ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਹਵਾ ਜਾਂ ਲਹਿਰ ਵੀ ਸੁਣਾਈ ਦਿਖਾਈ ਦੇ ਰਹੀ ਸੀ ਪਰ ਫੇਰ ਵੀ ‘ਆਪ’ 20 ਸੀਟਾਂ ਤੇ ਹੀ ਰਹਿ ਗਈ ਸੀ। ਕੁਝ ਹੋਰ ਦਾ ਮੰਨਣਾ ਹੈ ਕਿ ਇਸ ਵਾਰ ‘ਅੰਡਰ ਕਰੰਟ ਤੇ ਕਰਾਸ ਵੋਟਿੰਗ’ ਦਾ ਅਸਰ ਵੇਖਣ ਨੂੰ ਮਿਲੇਗਾ।
ਪਰ ਇਨ੍ਹਾਂ ਸਾਰੇ ਹਾਲਾਤਾਂ ਵਿੱਚ ਵੀ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਵਿੱਚ ਮੈਂਬਰ ਚੁਣੇ ਜਾਣ ਦੀ ਸੰਭਾਵਨਾ ਬਣ ਸਕਦੀ ਹੈ।