ਪੰਥ ਦੋਖੀ ਨੂਰਮਹਿਲੀਆਂ ਨੂੰ ਗੁਰਮਤਿ ਸਮਾਗਮ ’ਚ ਪ੍ਰਮੁੱਖਤਾ ਦੇਣ ਬਦਲੇ ਇਲਬਾਲ ਸਿੰਘ ਲਾਲਪੁਰਾ ਨੂੰ ਤਲਬ ਕੀਤਾ ਜਾਵੇ- ਸ਼੍ਰੋਮਣੀ ਕਮੇਟੀ

Global Team
2 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਪੰਥ ਵਿਰੋਧੀ ਨੂਰਮਹਿਲੀਆਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਤੇ ਸਮਾਗਮ ਵਿਚ ਸ਼ਮੂਲੀਅਤ ਕਰਵਾਉਣ ਦੀ ਕਰੜੀ ਨਿੰਦਾ ਕਰਦਿਆਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਤੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਬੀਤੇ ਦਿਨੀਂ ਇਕਬਾਲ ਸਿੰਘ ਲਾਲਪੁਰਾ ਵੱਲੋਂ ਦਿੱਲੀ ਸਥਿਤ ਆਪਣੇ ਘਰ ਵਿਖੇ ਕੀਤੇ ਇਕ ਗੁਰਮਤਿ ਸਮਾਗਮ ਦੌਰਾਨ ਨੂਰਮਹਿਲੀਆਂ ਨੂੰ ਸ਼ਾਮਲ ਕਰਕੇ ਮੰਚ ’ਤੇ ਪ੍ਰਮੁੱਖਤਾ ਦੇਣ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਵੱਜੀ ਹੈ।

ਉਨ੍ਹਾਂ ਦੀ ਇਹ ਹਰਕਤ ਬਰਦਾਸ਼ਤਯੋਗ ਨਹੀਂ ਹੈ। ਸ਼੍ਰੋਮਣੀ ਕਮੇਟੀ ਆਗੂਆਂ ਨੇ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਕਬਾਲ ਸਿੰਘ ਲਾਲਪੁਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ। ਉਨ੍ਹਾਂ ਕਿਹਾ ਕਿ ਸਾਲ 2002 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਨੂਰਮਹਿਲੀਆਂ ਵੱਲੋਂ ਗੁਰੂ ਸਾਹਿਬਾਨ ਅਤੇ ਸਿੱਖੀ ਸਿਧਾਂਤਾਂ ਨੂੰ ਅਪਮਾਨਤ ਕਰਨ ਦਾ ਗੁਨਾਹ ਕੀਤਾ ਹੋਣ ਕਰਕੇ, ਸਿੱਖ ਜਗਤ ਨੂੰ ਇਨ੍ਹਾਂ ਤੋਂ ਦੂਰ ਰਹਿਣ ਲਈ ਆਦੇਸ਼ ਕੀਤਾ ਹੋਇਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਆਦੇਸ਼ ਦੀ ਉਲੰਘਣਾ ਕਰਕੇ ਇਕਬਾਲ ਸਿੰਘ ਲਾਲਪੁਰਾ ਨੇ ਪੰਥ ਦੋਖੀ ਹੋਣ ਦਾ ਸਬੂਤ ਦਿੱਤਾ ਹੈ। ਇਸ ਲਈ ਪੰਥਕ ਤੌਰ ’ਤੇ ਲਾਲਪੁਰਾ ’ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਇਸ ਸਮਾਗਮ ਦੌਰਾਨ ਕੀਰਤਨ ਕਰਨ ਵਾਲੇ ਰਾਗੀ ਜਥੇ ਅਤੇ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘ ਦੀ ਵੀ ਜਵਾਬਤਲਬੀ ਕਰਨ ਦੀ ਮੰਗ ਕੀਤੀ ਹੈ।

Share This Article
Leave a Comment