ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਅਪਣਾਏ ਗਏ ਲੁਧਿਆਣਾ ਜ਼ਿਲੇ ਦੇ ਪਿੰਡ ਬੋਪਾਰਾਏ ਕਲਾਂ ਵਿੱਚ ਨਿਰਦੇਸ਼ਕ ਪਸਾਰ ਸਿਖਿਆ ਅਤੇ ਪਸਾਰ ਸਿੱਖਿਆ ਵਿਭਾਗ ਵਲੋਂ ਸਤੰਬਰ ਅਤੇ ਅਕਤੂਬਰ ਮਹੀਨੇ ਵਿਚ ਜਾਗਰੂਕਤਾ ਅਤੇ ਪਸਾਰ ਗਤੀਵਿਧੀਆਂ ਕਰਵਾਈਆਂ ਗਈਆਂ। ਇਹਨਾਂ ਵਿੱਚ ਪੁੰਗਰੀਆਂ ਦਾਲਾਂ ਤੋਂ ਪੌਸ਼ਟਿਕ ਪਕਵਾਨ ਬਣਾਉਣ ਅਤੇ ਭੋਜਨ ਸੁਰੱਖਿਆ ਬਾਰੇ ਪੰਜ ਦਿਨਾਂ ਦੇ ਕਿੱਤਾ ਮੁਖੀ ਸਿਖਲਾਈ ਕੋਰਸ ਪਿੰਡ ਵਾਸੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਲਗਾਏ ਗਏ। ਇਸ ਸੰਬੰਧੀ ਪਹਿਲਾਂ ਸਿਖਲਾਈ ਲੈ ਚੁੱਕੇ ਸਿਖਿਆਰਥੀਆਂ ਦਾ ਇਕੱਠ ਵੀ ਹੋਇਆ। ਗ੍ਰਹਿ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਕੁਲਵੀਰ ਕੌਰ ਨੇ ਭੋਜਨ ਸੁਰੱਖਿਆ ਦੀ ਮਹਤਤਾ ਬਾਰੇ ਦਸਿਆ ਅਤੇ ਉਮਰ ਅਨੁਸਾਰ ਸੰਤੁਲਿਤ ਖੁਰਾਕ ਖਾਣ ਦੀ ਲੋੜ ਉਪਰ ਜ਼ੋਰ ਦਿੱਤਾ । ਉਹਨਾਂ ਨੇ ਗਰਭਵਤੀ ਔਰਤਾਂ ਅਤੇ ਕਿਸ਼ੋਰ ਅਵਸਥਾ ਦੀਆਂ ਲੜਕੀਆਂ ਵਿੱਚ ਖੂਨ ਦੀ ਪੂਰਤੀ ਲਈ ਹਰੀਆਂ ਪਤੇਦਾਰ ਸਬਜ਼ੀਆਂ, ਪੁੰਗਰੀਆਂ ਦਾਲਾਂ ਅਤੇ ਵਿਟਾਮਿਨ ਸੀ ਨੂੰ ਖੁਰਾਕ ਵਿੱਚ ਸ਼ਾਮਿਲ ਕਰਨ ਦੀ ਜਾਣਕਾਰੀ ਦਿਤੀ। ਇਸ ਤੋਂ ਇਲਾਵਾ ਪੁੰਗਰੀਆਂ ਦਾਲਾਂ ਦੇ ਪਕਵਾਨ, ਅਚਾਰ, ਚਟਨੀਆਂ, ਜੈਮ, ਸਕੈਸ਼ ਆਦਿ ਬਣਾਉਣ ਦੀ ਵਿਧੀ ਦੀ ਵਿਹਾਰਕ ਸਿਖਲਾਈ ਦਿਤੀ । ਇਸ ਤੋਂ ਬਿਨਾਂ ਸਕਿਲ ਡਿਵੈਲਪਮੈਂਟ ਸੈਂਟਰ ਦੇ ਸਹਾਇਕ ਪ੍ਰਬੰਧਕ ਸ੍ਰੀ ਰਾਹੁਲ ਗੁਪਤਾ ਨੇ ਸਕੈਸ਼, ਆਰ.ਟੀ.ਐਸ. ਅਤੇ ਨੈਕਟਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਗ੍ਰਹਿ ਵਿਗਿਆਨ ਵਿਭਾਗ ਦੇ ਡੈਮੋਨਸਟ੍ਰੇਟਰ ਸ੍ਰੀਮਤੀ ਕਮਲਪ੍ਰੀਤ ਕੌਰ ਨੇ ਸਬਜ਼ੀਆਂ ਅਤੇ ਫ਼ਲਾਂ ਵਿਚ ਪੌਸ਼ਟਿਕ ਤਤਾਂ ਬਾਰੇ ਜਾਣਕਾਰੀ ਦਿਤੀ ਅਤੇ ਬੋਤਲਾਂ ਅਤੇ ਮਰਤਬਾਨਾਂ ਨੂੰ ਕੀਟਾਣੂ-ਰਹਿਤ ਕਰਨ ਬਾਰੇ ਵੀ ਦਸਿਆ।
ਪਸਾਰ ਮਾਹਿਰ ਡਾ. ਲਵਲੀਸ਼ ਗਰਗ ਨੇ ਖੁੰਬਾਂ ਦੀ ਕਾਸ਼ਤ ਬਾਰੇ ਵਿਹਾਰਕ ਜਾਣਕਾਰੀ ਦਿਤੀ ਅਤੇ ਪਿੰਡ ਵਾਸੀਆਂ ਨੂੰ ਖੁੰਬਾਂ ਨੂੰ ਆਪਣੀ ਖੁਰਾਕ ਵਿਚ ਸ਼ਮਿਲ ਕਰਨ ਤੇ ਜ਼ੋਰ ਦਿਤਾ। ਇਸ ਤੋਂ ਇਲਾਵਾ ਘਰ ਬਗੀਚੀ ਦੀ ਮਹੱਤਤਾ ਅਤੇ ਇਸ ਦੇ ਲਗਾਉਣ ਬਾਰੇ ਵੀ ਪ੍ਰੇਰਿਤ ਕੀਤਾ ਗਿਆ । ਸਿਖਲਾਈ ਹਾਸਿਲ ਕਰਨ ਉਪਰੰਤ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।
ਡਾ. ਲਵਲੀਸ਼ ਗਰਗ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ, ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਸੰਬੰਧਤ ਤਕਨਾਲੋਜੀ ਅਪਨਾਉਣ ਬਾਰੇ ਜਾਗਰੂਕ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਮਨਜ਼ੂਰਸ਼ੁਦਾ ਪਰਾਲੀ ਦੀ ਸਾਂਭ-ਸੰਭਾਲ ਦੀਆਂ ਤਕਨਾਲੋਜੀ ਜਿਵੇਂ ਕਿ ਸੁਪਰ ਸੀਡਰ, ਹੈਪੀਸੀਡਰ, ਸੁਪਰ ਐਸ.ਐਮ.ਐਸ., ਪੀ ਏ ਯੂ ਕਟਰ-ਸਪਰੈਂਡਰ, ਮਲਚਰ, ਬੇਲਰ, ਉਲਟਾਵੇਂ ਹਲ ਆਦਿ ਬਾਰੇ ਜਾਣਕਾਰੀ ਦਿਤੀ। ਉਸਨੇ ਕਿਸਾਨਾਂ ਨੂੰ ਮਸ਼ੀਨਾਂ ਦੀ ਵਰਤੋਂ ਕਸਟਮ ਹਾਇਰਿੰਗ ਤੇ ਕਰਨ ਦੀ ਸਲਾਹ ਦਿੱਤੀ।
ਸਮਾਰਟ ਪਿੰਡ ਵਿਚ ਪੀ ਏ ਯੂ ਦੀ ਮੋਬਇਲ ਵੈਨ ਰਾਹੀਂ ਪਰਾਲੀ ਦੀ ਸਾਂਭ-ਸੰਭਾਲ ਸੰਬੰਧਿਤ ਵਰਤੀਆਂ ਜਾਂਦੀਆਂ ਤਕਨਾਲੋਜੀਆਂ ਵੀਡੀਓ ਰਾਹੀਂ ਦਿਖਾਈਆਂ ਗਈਆਂ। ਕਿਸਾਨ ਭਰਾਵਾਂ ਅਤੇ ਭੈਣਾਂ ਨੇ ਇਹਨਾਂ ਵੀਡੀਓ ਵੇਖਣ ਵਿਚ ਆਪਣੀ ਰੁਚੀ ਦਿਖਾਈ। ਪਿਛਲੇ ਦੋ ਹਫਤਿਆਂ ਤੋਂ ਜਾਰੀ ਪਰਾਲੀ ਦੀ ਸਾਂਭ-ਸੰਭਾਲ ਦੀ ਮੁਹਿੰਮ ਨੂੰ ਪੂਰੇ ਸੀਜਨ ਦੌਰਾਨ ਜਾਰੀ ਰਖਿਆ ਜਾਵੇਗਾ ਤਾਂ ਜੋ ਪਰਾਲ ਨੂੰ ਸਾੜਨ ਤੋਂ ਬਚਾਇਆ ਜਾ ਸਕੇ।