ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 31 ਉਮੀਦਵਾਰਾਂ ਦੇ ਨਾਂ ਹਨ। ਪਾਰਟੀ ਨੇ ਜੁਲਾਨਾ ਤੋਂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਮੀਦਵਾਰ ਬਣਾਇਆ ਹੈ। ਭੁਪਿੰਦਰ ਸਿੰਘ ਹੁੱਡਾ ਨੂੰ ਗੜ੍ਹੀ ਸਾਂਪਲਾ-ਕਿਲੋਈ ਸੀਟ ਤੋਂ , ਰਾਵ ਦਾਨ ਸਿੰਘ ਨੂੰ ਮਹਿੰਦਰਗੜ੍ਹ ਤੋਂ , ਆਫਤਾਬ ਅਹਿਮਦ ਨੂੰ ਨੂਹ ਤੋਂ , ਉਦੈ ਭਾਨ ਨੂੰ ਹੋਡਲ ਅਤੇ ਬਾਦਲੀ ਤੋਂ ਮੌਜੂਦਾ ਵਿਧਾਇਕ ਕੁਲਦੀਪ ਵਤਸ ਨੂੰ ਟਿਕਟ ਦਿੱਤੀ ਗਈ ਹੈ।
ਦੂਜੇ ਬੰਨੇ ਕਾਂਗਰਸ ਵਿੱਚ ਸ਼ਾਮਲ ਹੁੰਦੇ ਹੀ ਪਾਰਟੀ ਨੇ ਬਜਰੰਗ ਪੂਨੀਆ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਕਾਂਗਰਸ ਨੇ ਬਜਰੰਗ ਪੁਨੀਆ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਹੈ।
ਕਾਂਗਰਸ ਵੱਲੋਂ ਜਾਰੀ ਨਿਯੁਕਤੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਜਰੰਗ ਪੂਨੀਆ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ।
ਦੱਸ ਦੇਈਏ ਕਿ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਲੰਘੇ ਕੱਲ੍ਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਵਿਨੇਸ਼ ਫੋਗਾਟ ਅਤੇ ਬਜਰੰਗ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ ਰਿਹਾਇਸ਼ 10, ਰਾਜਾਜੀ ਮਾਰਗ ‘ਤੇ ਮੁਲਾਕਾਤ ਕੀਤੀ ਸੀ।
ਇਸ ਤੋਂ ਬਾਅਦ ਉਹ ਏ.ਆਈ.ਸੀ.ਸੀ. ਹੈੱਡਕੁਆਰਟਰ ਵਿਖੇ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਗਠਨ ਕੇਸੀ ਵੇਣੂਗੋਪਾਲ, ਏ.ਆਈ.ਸੀ.ਸੀ ਜਨਰਲ ਸਕੱਤਰ ਇੰਚਾਰਜ ਹਰਿਆਣਾ ਦੀਪਕ ਬਾਰੀਆ, ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਅਤੇ ਕਾਂਗਰਸ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।