ਨਿਊਜ਼ ਡੈਸਕ: ਇੰਡੋਨੇਸ਼ੀਆ ‘ਚ ਸ਼ਨੀਵਾਰ ਸ਼ਾਮ ਨੂੰ ਫੁੱਟਬਾਲ ਮੈਚ ਤੋਂ ਬਾਅਦ ਭਗਦੜ ਮਚ ਗਈ ਸੀ। ਜਿਸ ‘ਚ 125 ਲੋਕ ਮਾਰੇ ਗਏ ਸਨ। ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਪਹੁੰਚਣ ‘ਤੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ‘ਚ ਸੋਗ ਦੀ ਲਹਿਰ ਹੈ। ਮਰਨ ਵਾਲਿਆਂ ਵਿੱਚ 17 ਬੱਚੇ ਵੀ ਸ਼ਾਮਲ ਹਨ।
ਮੈਚ ਤੋਂ ਬਾਅਦ ਦੇ ਝਗੜੇ ਨੂੰ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਭਗਦੜ ਮੱਚ ਗਈ ਅਤੇ ਜ਼ਿਆਦਾਤਰ ਲੋਕ ਭੀੜ ਦੁਆਰਾ ਕੁਚਲ ਕੇ ਮਾਰੇ ਗਏ। ਪੁਲਿਸ ਨੇ ਇਸ ਘਟਨਾ ਲਈ 18 ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਅਰਮੀਨੀਆ ਦੇ ਫਾਈਕੋਟੁਲ ਹਿਕਮਾਹ (22) ਦੀ ਕੰਜੂਰੂਹਾਨ ਸਟੇਡੀਅਮ ਤੋਂ ਬਾਹਰ ਨਿਕਲਦੇ ਸਮੇਂ ਮੌਤ ਹੋ ਗਈ। ਹਿਕਮਾਹ ਦੇ ਦੋਸਤ ਅਬਦੁਲ ਮੁਕੀਦ ਨੇ ਸੋਮਵਾਰ ਨੂੰ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਹਿਕਮਾਹ ਦੇ ਕਈ ਦੋਸਤ ਮੈਚ ਦੇਖਣ ਗਏ ਸਨ ਪਰ ਸਿਰਫ਼ ਚਾਰ ਹੀ ਟਿਕਟਾਂ ਹਾਸਲ ਕਰ ਸਕੇ ਸਨ। ਮੁਕੀਦ ਦੇ ਚਾਰ ਦੋਸਤਾਂ ਵਿੱਚੋਂ ਦੋ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ। ਮੁਕੀਦ ਨੂੰ ਸਟੇਡੀਅਮ ਕੰਪਲੈਕਸ ਦੀ ਇਕ ਇਮਾਰਤ ਵਿਚੋਂ ਹਿਕਮਾਹ ਦੀ ਲਾਸ਼ ਮਿਲੀ, ਜਿਸ ਦੇ ਸਰੀਰ ‘ਤੇ ਕਈ ਸੱਟਾਂ ਦੇ ਨਿਸ਼ਾਨ ਸਨ। ਪੁਲਿਸ ਨੇ ਦੱਸਿਆ ਕਿ ਹਾਦਸੇ ‘ਚ 323 ਲੋਕ ਜ਼ਖਮੀ ਹੋਏ ਹਨ ਅਤੇ ਇਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਹੈ।
ਰਾਸ਼ਟਰੀ ਪੁਲਿਸ ਦੇ ਬੁਲਾਰੇ ਡੇਦੀ ਪ੍ਰਸੇਤਿਓ ਨੇ ਸੋਮਵਾਰ ਨੂੰ ਕਿਹਾ ਕਿ ਪੁਲਿਸ ਅੱਥਰੂ ਗੈਸ ਦੇ ਗੋਲੇ ਛੱਡਣ ਲਈ ਜ਼ਿੰਮੇਵਾਰ 18 ਅਧਿਕਾਰੀਆਂ ਅਤੇ ਸੁਰੱਖਿਆ ਪ੍ਰਬੰਧਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਸੁਰੱਖਿਆ ਮੰਤਰੀ ਮੁਹੰਮਦ ਮਹਿਫੂਦ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਸਟੇਡੀਅਮ ਵਿੱਚ ਕਾਨੂੰਨ ਤੋੜਨ ਵਾਲਿਆਂ ਨੂੰ ਲੱਭਣ ਲਈ ਵੱਖਰੀ ਜਾਂਚ ਕਰੇਗੀ। ਇਹ ਟੀਮ ਇਹ ਵੀ ਤੈਅ ਕਰੇਗੀ ਕਿ ਪੀੜਤਾਂ ਨੂੰ ਕਿੰਨਾ ਮੁਆਵਜ਼ਾ ਦਿੱਤਾ ਜਾਵੇ। ਟੀਮ ਤਿੰਨ ਹਫ਼ਤਿਆਂ ਵਿੱਚ ਆਪਣੀ ਜਾਂਚ ਪੂਰੀ ਕਰੇਗੀ।