ਵੈਰਨੇਲਾ: ਇਟਲੀ ਤੋਂ ਭਾਰਤੀਆਂ ਲਈ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕਾਰ ਨਹਿਰ ਵਿੱਚ ਡਿੱਗਣ ਕਾਰਨ ਭਾਰਤੀ ਮੂਲ ਦੇ ਦੋ ਨੌਜਵਾਨਾਂ ਅਤੇ ਇੱਕ ਕੁੜੀ ਦੀ ਮੌਤ ਹੋ ਗਈ। ਹਾਲਾਂਕਿ ਚੌਥੇ ਵਿਅਕਤੀ ਦੀ ਜਾਨ ਬਚ ਗਈ, ਪਰ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਉਮਰ 20 ਤੋਂ 21 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਇਹ ਹਾਦਸਾ ਬੀਤੇ ਦਿਨ ਸ਼ਾਮ ਲਗਭਗ ਸਵਾ 5 ਵਜੇ ਵੇਰੋਨਾ ਦੇ ਨੇੜਲੇ ਸ਼ਹਿਰ ਵੈਰਨੇਲਾ ਵਿਖੇ ਵਾਪਰਿਆ। ਭਾਰਤੀ ਮੂਲ ਦੇ ਚਾਰ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ। ਇਸੇ ਦੌਰਾਨ ਖਰਾਬ ਮੌਸਮ ਦੇ ਚਲਦਿਆਂ ਉਨ੍ਹਾਂ ਦੀ ਕਾਰ ਨਹਿਰ ਵਿੱਚ ਡਿੱਗ ਗਈ। ਦੋ ਮੁੰਡੇ ਅਤੇ ਇੱਕ ਕੁੜੀ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਨ੍ਹਾਂ ਦਾ ਸਾਥੀ ਚੌਥਾ ਵਿਅਕਤੀ ਜ਼ਖਮੀ ਹੋ ਗਿਆ। ਉਸ ਨੂੰ ਇਟਲੀ ਦੇ ਸਨਬੋਨੀਫਾਚੋ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਹੀ ਹੈ। ਹਾਲਾਂਕਿ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਬਾਰੇ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਭਾਰਤ ਦੇ ਕਿਹੜੇ ਸੂਬੇ ਨਾਲ ਸਬੰਧ ਰੱਖਦੇ ਸਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਆਸਟਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਪੰਜਾਬ ਦੇ ਵਾਸੀ 5 ਭਾਰਤੀ ਨੌਜਵਾਨਾਂ ਨਾਲ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਸੀ। ਇਨ੍ਹਾਂ ਦੀ ਮੌਤ ਦੇ ਮਾਮਲੇ ਵਿੱਚ ਇਨ੍ਹਾਂ ਦੇ ਹੀ ਸਾਥੀ ਹਰਿੰਦਰ ਸਿੰਘ ਰੰਧਾਵਾ ਤੇ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਲੱਗੇ ਹਨ।