ਅਮਰੀਕਾ ‘ਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਬਲਾਤਕਾਰ ਤੇ ਕੁੱਟਮਾਰ ਦੇ ਮਾਮਲਿਆਂ ‘ਚ 15 ਸਾਲ ਦੀ ਕੈਦ

TeamGlobalPunjab
2 Min Read

ਕੈਲੇਫ਼ੋਰਨੀਆ: ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਬਲਾਤਕਾਰ ਅਤੇ ਕੁੱਟਮਾਰ ਦੇ ਮਾਮਲਿਆਂ ਵਿੱਚ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੈਨ ਫ਼ਰਾਂਸਿਸਕੋ, ਬੇਅ ਏਰੀਆ ਅਤੇ ਵਾਸ਼ਿੰਗਟਨ ਵਿਖੇ ਇਹ ਘਟਨਾਵਾਂ 2015-16 ਦੌਰਾਨ ਵਾਪਰੀਆਂ। 35 ਸਾਲਾ ਅਨਮੋਲ ਪ੍ਰਸਾਦ ਨੇ ਸਰਕਾਰੀ ਵਕੀਲਾਂ ਨਾਲ ਸਮਝੌਤੇ ਅਧੀਨ ਉਕਤ ਮਾਮਲਿਆਂ ਵਿਚ ਦੋਸ਼ ਕਬੂਲ ਕਰ ਲਏ।

ਜਾਣਕਾਰੀ ਮੁਤਾਬਕ ਅਨਮੋਲ ਪ੍ਰਸਾਦ ਦਾ ਪਹਿਲਾ ਅਪਰਾਧ 14 ਅਕਤੂਬਰ 2015 ਨੂੰ ਸਾਹਮਣੇ ਆਇਆ ਜਦੋਂ ਉਹ 19 ਸਾਲਾ ਇਕ ਲੜਕੀ ਨੂੰ ਡੇਟ ‘ਤੇ ਲੈ ਗਿਆ। ਪੀੜਤ ਨੇ ਦੱਸਿਆ ਕਿ ਅਨਮੋਲ ਪ੍ਰਸਾਦ ਨੇ ਉਸ ਦੇ ਗਲ ਤੇ ਛੁਰਾ ਰੱਖ ਦਿਤਾ ਅਤੇ ਆਪਣੀ ਜਾਨ ਬਚਾਉਣ ਲਈ ਉਸ ਨੇ ਹੱਥ ਨਾਲ ਛੁਰੇ ਨੂੰ ਰੋਕਿਆ ਪਰ ਇਸ ਦੌਰਾਨ ਹੱਥ ਵੱਢਿਆ ਗਿਆ ਅਤੇ ਚਾਰ ਟਾਂਕੇ ਲੱਗੇ। ਅਨਮੋਲ ਪ੍ਰਸਾਦ ਉਸ ਨੂੰ ਇਕ ਬੈਂਕ ਦੇ ਪਾਰਕਿੰਗ ਲੌਟ ਵਿਚ ਛੱਡ ਕੇ ਫ਼ਰਾਰ ਹੋ ਗਿਆ।

ਇਸ ਤੋਂ ਇਲਾਵਾ 25 ਅਕਤੂਬਰ 2015 ਨੂੰ ਓਕਲੈਂਡ ਦੇ ਇਕ ਗੈਸ ਸਟੇਸ਼ਨ ‘ਤੇ ਮਿਲੀ ਔਰਤ ਨੂੰ ਅਨਮੋਲ ਪ੍ਰਸਾਦ ਨੇ ਕੈਸਟੋਰ ਵੈਲੀ ਘੁਮਾਉਣ ਦੀ ਪੇਸ਼ਕਸ਼ ਕੀਤੀ ਅਤੇ ਇਕ ਸੁਨਸਾਨ ਜਗ੍ਹਾ ‘ਤੇ ਲਿਜਾ ਕੇ ਛੁਰਾ ਕੱਢ ਲਿਆ। ਇਸ ਘਟਨਾ ਨੂੰ ਕਿਸੇ ਨੇ ਦੇਖ ਲਿਆ ਅਤੇ ਪੁਲਿਸ ਨੂੰ ਇਤਲਾਹ ਦੇ ਦਿੱਤੀ। ਪੁਲਿਸ ਨੇ ਅਨਮੋਲ ਪ੍ਰਸਾਦ ਕੋਲੋਂ 6 ਇੰਚ ਲੰਮਾ ਛੁਰਾ ਬਰਾਮਦ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

2 ਮਈ 2016 ਵਾਪਰੀ ਇੱਕ ਹੋਰ ਘਟਨਾ ਦੇ ਮਾਮਲੇ ਵਿਚ ਪੁਲਿਸ ਨੇ ਅਨਮੋਲ ਪ੍ਰਸਾਦ ਨੂੰ ਜੇਲ੍ਹ ਵਿਚ ਡੱਕ ਦਿਤਾ ਜਦਕਿ ਅਗਵਾ ਦੇ ਇਕ ਮਾਮਲੇ ‘ਚ ਫ਼ਰੀਮੌਂਟ ਦੀ ਜੇਲ੍ਹ ਵਿਚ ਵੀ ਰਿਹਾ। ਪੁਲਿਸ ਹਿਰਾਸਤ ‘ਚੋਂ ਫ਼ਰਾਰ ਹੋਣ ਦੇ ਯਤਨ ਦੌਰਾਨ ਅਨਮੋਲ ਪ੍ਰਸਾਦ ਦੀ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਹੋਈ। ਵਾਸ਼ਿੰਗਟਨ ਵਿਖੇ ਕੀਤੇ ਅਪਰਾਧ ਦੇ ਮਾਮਲੇ ਵਿਚ ਅਨਮੋਲ ਪ੍ਰਸਾਦ ਪਿਛਲੇ ਚਾਰ ਸਾਲ ਤੋਂ ਜੇਲ੍ਹ ਵਿਚ ਹੈ ਅਤੇ ਬੇਅ ਏਰੀਆ ਵਿਚ ਕੀਤੇ ਅਪਰਾਧਾਂ ਲਈ 15 ਸਾਲ ਹੋਰ ਜੇਲ੍ਹ ਵਿਚ ਰਹਿਣਾ ਪੈ ਸਕਦਾ ਹੈ।

Share This Article
Leave a Comment