ਸਿੰਗਾਪੁਰ : ਸਿੰਗਾਪੁਰ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਇੱਕ ਪਾਰਕ ‘ਚ ਭਾਰਤੀ ਮੂਲ ਦੇ ਹੀ ਇੱਕ ਪਰਿਵਾਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਪੁਲਿਸ ਤੋਂ ਸਖ਼ਤ ਚਿਤਾਵਨੀ ਮਿਲੀ ਹੈ।
ਰਿਪੋਰਟਾਂ ਮੁਤਾਬਕ 47 ਸਾਲਾ ਵਿਅਕਤੀ ਖ਼ਿਲਾਫ਼ ਜਨਤਕ ਹੰਗਾਮਾ ਅਤੇ ਦੂਜਿਆਂ ਦੀਆਂ ਨਸਲੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਗਲਤ ਸ਼ਬਦ ਬੋਲਣ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਪਰਿਵਾਰ ਨੇ ਇੱਕ ਸਥਾਨਕ ਆਨਲਾਈਨ ਮੀਡੀਆ ‘ਤੇ ਇਕ ਵੀਡੀਓ ਜਾਰੀ ਕੀਤੀ ਸੀ ਜਿਸ ‘ਚ ਉਕਤ ਵਿਅਕਤੀ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ਇਹ ਮੇਰਾ ਦੇਸ਼ ਹੈ ਤੇ ਤੁਸੀਂ ਵਾਇਰਸ ਫੈਲਾ ਰਹੇ ਹੋ।’ ਉਸ ਨੇ ਭਾਰਤੀ ਨਾਗਰਿਕ ਦੇ ਪਰਿਵਾਰ ‘ਤੇ ਮਾਸਕ ਨਾਂ ਪਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਤੋੜਨ ਦਾ ਵੀ ਦੋਸ਼ ਲਗਾਇਆ।
ਪੁਲਿਸ ਨੇ ਕਿਹਾ, ‘ਜਾਂਚ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕਈ ਲੋਕਾਂ ਦੀ ਦਖਲ ਅੰਦਾਜ਼ੀ ਤੋਂ ਬਾਅਦ ਉਸ ਵਿਅਕਤੀ ਨੇ ਟਿੱਪਣੀਆਂ ਕਰਨੀਆਂ ਬੰਦ ਕਰ ਦਿੱਤੀਆਂ। ਜਾਂਚ ਦੇ ਨਤੀਜੇ ‘ਤੇ ਅਤੇ ਅਟਾਰਨੀ ਜਨਰਲ ਦੇ ਚੈਂਬਰਸ ਦੀ ਸਲਾਹ ਨਾਲ ਪੁਲਿਸ ਨੇ ਕਿਹਾ ਕਿ ਉਸ ਨੇ 22 ਜੂਨ ਨੂੰ ਉਸ ਵਿਅਕਤੀ ਨੂੰ ਸ਼ੋਸ਼ਣ ਤੋਂ ਸੁਰੱਖਿਆ ਐਕਟ ਦੀ ਧਾਰਾ 4 (2) ਦੇ ਤਹਿਤ ਅਪਰਾਧ ਲਈ ਸਖ਼ਤ ਚਿਤਾਵਨੀ ਦਿੱਤੀ ਸੀ।