ਰਾਜ ਚੌਹਾਨ ਨੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਸਪੀਕਰ ਵਜੋਂ ਚੁੱਕੀ ਸਹੁੰ

TeamGlobalPunjab
2 Min Read

ਬ੍ਰਿਟਿਸ਼ ਕੋਲੰਬੀਆ: ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਰਾਜ ਚੌਹਾਨ ਨੇ ਸੋਮਵਾਰ ਨੂੰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਸਪੀਕਰ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਰਾਜ ਚੌਹਾਨ ਨੇ ਇਸ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਸਿੱਖ ਹੋਣ ਦਾ ਮਾਣ ਹਾਸਲ ਕੀਤਾ। ਚੌਹਾਨ 1973 ‘ਚ ਕੈਨੇਡਾ ਆਏ ਸਨ ਅਤੇ ਪੰਜ ਵਾਰ ਵਿਧਾਇਕ ਚੁਣੇ ਜਾਣ ਤੋਂ ਇਲਾਵਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ।

ਸਹੁੰ ਚੁੱਕਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜ ਚੌਹਾਨ ਨੇ ਕਿਹਾ, “ਮੈਂ ਆਪਣੀ ਖ਼ੁਸ਼ੀ ਬਿਆਨ ਨਹੀਂ ਕਰ ਸਕਦਾ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਮੂਲ ਦਾ ਵਿਅਕਤੀ ਭਾਰਤ ਤੋਂ ਬਾਹਰ ਸਪੀਕਰ ਚੁਣਿਆ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਧਰਤੀ ਤੇ ਕਦਮ ਰੱਖਣ ਵੇਲੇ ਕਦੇ ਨਹੀਂ ਸੋਚਿਆ ਸੀ ਕਿ ਚੋਣਾਂ ਲੜ ਸਕਾਂਗਾ। ਅੱਜ ਮੈਂ ਇਹ ਵੱਡੀ ਪ੍ਰਾਪਤੀ ਕਰਨ ਵਿਚ ਸਫ਼ਲ ਅਤੇ ਇਸ ਦਾ ਸਿਹਰਾ ਸਾਡੀ ਕਮਿਊਨਿਟੀ ਨੂੰ ਜਾਂਦਾ ਹੈ।

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਕਿਹਾ ਕਿ ਰਾਜ ਚੌਹਾਨ ਵੱਲੋਂ ਖੇਤ ਮਜ਼ਦੂਰਾਂ ਲਈ ਵੱਡੀ ਮੁਹਿੰਮ ਚਲਾਈ ਗਈ। ਅੱਜ ਵੀ ਉਨ੍ਹਾਂ ਨੇ ਇਤਿਹਾਸ ਸਿਰਜਦਿਆਂ ਸਾਊਥ ਏਸ਼ੀਅਨ ਮੂਲ ਦਾ ਪਹਿਲਾ ਸਪੀਕਰ ਬਣਨ ਦਾ ਮਾਣ ਹਾਸਲ ਕੀਤਾ। ਦੱਸ ਦੇਈਏ ਕਿ ਰਾਜ ਚੌਹਾਨ ਤੋਂ ਇਲਾਵਾ ਚਾਰ ਪੰਜਾਬੀਆਂ ਨੂੰ ਬ੍ਰਿਟਿਸ਼ ਕੋਲੰਬੀਆ ਦੀ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਹੈ। ਹੈਰੀ ਬੈਂਸ ਨੂੰ ਕਿਰਤ ਮੰਤਰੀ ਬਣਾਇਆ ਗਿਆ ਹੈ ਜਦਕਿ ਰਵੀ ਕਾਹਲੋਂ ਨੂੰ ਰੁਜ਼ਗਾਰ ਵਿਭਾਗ ਸੌਂਪਿਆ ਗਿਆ। ਰਚਨਾ ਸਿੰਘ ਅਤੇ ਨਿੱਕੀ ਸ਼ਰਮਾ ਨੂੰ ਪਾਰਲੀਮਾਨੀ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Share this Article
Leave a comment