ਨਿਊਯਾਰਕ: ਅਮਰੀਕਾ ਦੇ ਸੂਬੇ ਨਿਊਯਾਰਕ ਵਿੱਚ ਇੱਕ ਪੰਜਾਬੀ ਨੇ ਆਪਣੀ ਧੀ ਅਤੇ ਸੱਸ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਹ ਵਾਰਦਾਤ ਨਿਊਯਾਰਕ ਦੀ ਰਾਜਧਾਨੀ ਐਲਬਨੀ ਨੇੜੇ ਸਥਿਤ ਕਾਸਟਲਟਨ-ਆਨ-ਹਡਸਨ ਪਿੰਡ ‘ਚ ਵਾਪਰੀ। ਮ੍ਰਿਤਕਾਂ ਦੀ ਪਛਾਣ 57 ਸਾਲ ਦੇ ਭੁਪਿੰਦਰ ਸਿੰਘ, ਉਸ ਦੀ 14 ਸਾਲ ਦੀ ਬੇਟੀ ਜਸਲੀਨ ਕੌਰ ਅਤੇ ਸੱਸ ਮਨਜੀਤ ਕੌਰ ਵਜੋਂ ਕੀਤੀ ਗਈ ਹੈ। ਭੁਪਿੰਦਰ ਸਿੰਘ ਦੀ ਪਤਨੀ ਰਸ਼ਪਾਲ ਕੌਰ ਦੀ ਬਾਂਹ ‘ਤੇ ਗੋਲੀ ਲੱਗੀ ਪਰ ਉਹ ਬਚ ਕੇ ਭੱਜਣ ਵਿਚ ਸਫ਼ਲ ਰਹੀ।
ਮਿਲੀ ਜਾਣਕਾਰੀ ਮੁਤਾਬਕ ਇਹ ਵਾਰਦਾਤ ਬੁੱਧਵਾਰ ਰਾਤ ਲਗਭਗ 9:30 ਵਜੇ ਵਾਪਰੀ। ਰਸ਼ਪਾਲ ਕੌਰ ਦਾ ਐਲਬਨੀ ਮੈਡੀਕਲ ਸੈਂਟਰ ‘ਚ ਇਲਾਜ ਚੱਲ ਰਿਹਾ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਭੂਪਿੰਦਰ ਸਿੰਘ ਨੇ ਘਰੇਲੂ ਕਲੇਸ਼ ਦੇ ਚਲਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਭੁਪਿੰਦਰ ਸਿੰਘ ਇਕ ਬੇਵਰੇਜ ਸਟੋਰ ਚਲਾਉਂਦਾ ਸੀ ਅਤੇ 2016 ਵਿਚ ਉਸ ਵਿਰੁੱਧ ਬਲਾਤਕਾਰ ਦੇ ਦੋਸ਼ ਵੀ ਲੱਗੇ ਸਨ ਤੇ 2017 ‘ਚ ਉਹ ਇਨ੍ਹਾਂ ਦੋਸ਼ਾਂ ਤੋਂ ਬਰੀ ਹੋ ਗਿਆ। ਜਸਲੀਨ ਕੌਰ ਦੀ ਮੌਤ ਕਾਰਨ ਸਥਾਨਕ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਸਕੂਲ ਸੁਪਰਡੈਂਟ ਜੈਸਨ ਸ਼ੈਵਰੀਅਰ ਨੇ ਕਿਹਾ ਕਿ ਉਹ ਆਪਣਾ ਦੁੱਖ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।