ਨਿਊਯਾਰਕ: ਭਾਰਤੀ ਮੂਲ ਦੇ ਸਾਹਿਲ ਨਾਰੰਗ ਨੂੰ ਅਮਰੀਕੀ ਲੋਕਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਂਠ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਲ 2019 ਮਈ ਵਿਚ ਗ੍ਰਿਫ਼ਤਾਰੀ ਵੇਲੇ 29 ਸਾਲਾ ਸਾਹਿਲ ਨਾਰੰਗ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਿਹਾ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸਾਹਿਲ ਨਾਰੰਗ ਨੇ ਪਿਛਲੇ ਸਾਲ ਦਸੰਬਰ ਵਿਚ ਆਪਣਾ ਅਪਰਾਧ ਕਬੂਲ ਕਰ ਲਿਆ ਸੀ ਅਤੇ ਬੁੱਧਵਾਰ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ।
ਅਮਰੀਕੀ ਅਟਾਰਨੀ ਮਾਇਰਸ ਨੇ ਦੱਸਿਆ ਕਿ ਠੱਗਾਂ ਦੇ ਗਿਰੋਹ ਵਲੋਂ ਇਟਰਨੈਟ ਰਾਹੀਂ ਲੁਭਾਉਣ ਵਾਲੇ ਇਸ਼ਤਿਹਾਰ ਜਾਰੀ ਕਰ ਕੇ ਜਾਲ ਵਿਛਾਇਆ ਜਾਂਦਾ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਬਜ਼ੁਰਗ ਉਨ੍ਹਾਂ ਦੇ ਸ਼ਿਕਾਰ ਬਣਦੇ। ਕੰਪਿਊਟਰ ਪ੍ਰੋਟੈਕਸ਼ਨ ਦੇ ਖਰਚੇ ਵਜੋਂ ਮਾਮੂਲੀ ਰਕਮ ਦੱਸੀ ਜਾਂਦੀ ਪਰ ਕੰਪਿਊਟਰ ਵਿਚ ਵਾਇਰਸ ਹੋਣ ਦਾ ਡਰਾਵਾ ਦੇ ਕੇ ਉਨ੍ਹਾਂ ਦੇ ਸਾਰੇ ਵੇਰਵੇ ਇਕੱਠੇ ਕਰ ਲਏ ਜਾਂਦੇ।
ਉਥੇ ਹੀ ਦੂਜੇ ਪਾਸੇ ਰਿਫੰਡ ਫਰੋਜ਼ ਸਕੀਮ ਤਹਿਤ ਕਾਲ ਸੈਂਟਰ ਵਾਲੇ ਉਨ੍ਹਾਂ ਲੋਕਾਂ ਨੂੰ ਫੋਨ ਕਰਦੇ ਜੋ ਕੰਪਿਊਟਰ ਪ੍ਰੋਟੈਕਸ਼ਨ ਦੀ ਫ਼ੀਸ ਅਦਾ ਕਰ ਚੁੱਕੇ ਹੁੰਦੇ ਸਨ। ਅਜਿਹੇ ਲੋਕਾਂ ਨੂੰ ਕੁਝ ਰਕਮ ਵਾਪਸ ਕਰਨ ਦਾ ਲਾਲਚ ਦੇ ਕੇ ਮੁੜ ਤੋਂ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ।
ਅਦਾਲਤ ‘ਚ ਦਾਖ਼ਲ ਅੰਕੜਿਆਂ ਮੁਤਾਬਕ ਸਾਹਿਲ ਨਾਰੰਗ ਅਤੇ ਹੋਰਨਾਂ ਨੇ ਟੈਕ ਫ਼ਰੋਡ ਸਕੀਮ ਰਾਹੀਂ ਹਜ਼ਾਰਾਂ ਲੋਕਾਂ ਤੋਂ 30 ਲੱਖ ਡਾਲਰ ਤੱਕ ਦੀ ਰਕਮ ਠੱਗੀ।