ਰਾਜਸਥਾਨ : ਭਾਰਤ ਵਿੱਚ ਹੁਨਰ ਦੀ ਕਮੀ ਨਹੀਂ ਹੈ ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ ਰਾਜਸਥਾਨ ਦੇ ਜੈਪੁਰ ਸ਼ਹਿਰ ਦੇ ਰਹਿਣ ਵਾਲੇ ਮਯੰਕ ਪ੍ਰਤਾਪ ਸਿੰਘ ਨੇ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ 21 ਸਾਲਾ ਮਯੰਕ ਪ੍ਰਤਾਪ ਸਿੰਘ ਭਾਰਤ ਦਾ ਸਭ ਤੋਂ ਛੋਟਾ ਜੱਜ ਬਣ ਗਿਆ ਹੈ। ਜਾਣਕਾਰੀ ਮੁਤਾਬਿਕ ਮਯੰਕ ਨੇ ਨਿਆਇਕ ਸੇਵਾਵਾਂ ਦੀ ਪ੍ਰੀਖਿਆ ਨੂੰ ਪਾਸ ਕਰਕੇ ਹੁਣ ਉਹ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਜੱਜ ਬਣਨ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਿਕ ਮਯੰਕ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਹਮੇਸ਼ਾਂ ਸਮਾਜ ਦੀਆਂ ਨਿਆਇਕ ਸੇਵਾਵਾਂ ਅਤੇ ਜੱਜਾਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਪ੍ਰਤੀ ਆਕਰਸ਼ਤ ਰਹੇ ਹਨ ਅਤੇ ਸਾਲ 2014 ਵਿੱਚ ਉਸ ਨੇ ਰਾਜਸਥਾਨ ਯੂਨੀਵਰਸਿਟੀ ਵਿੱਚ ਪੰਜ ਸਾਲ ਦੇ ਐਲਐਲਬੀ ਕੋਰਸ ਵਿੱਚ ਦਾਖਲਾ ਲਿਆ, ਜੋ ਇਸ ਸਾਲ ਖ਼ਤਮ ਹੋਇਆ ਸੀ।
ਦੱਸ ਦੇਈਏ ਕਿ, 2018 ਤੱਕ ਨਿਆਂਇਕ ਸੇਵਾ ਪ੍ਰੀਖਿਆਵਾਂ ਵਿੱਚ ਬੈਠਣ ਦੀ ਉਮਰ 23 ਸਾਲ ਸੀ, ਜਿਸ ਨੂੰ ਰਾਜਸਥਾਨ ਹਾਈ ਕੋਰਟ ਨੇ 2019 ਵਿੱਚ ਘਟਾ ਕੇ 21 ਸਾਲ ਕਰ ਦਿੱਤਾ ਸੀ। ਮਯੰਕ ਪ੍ਰਤਾਪ ਸਿੰਘ ਦੇ ਸਭ ਤੋਂ ਘੱਟ ਉਮਰ ਦੇ ਜੱਜ ਬਣਨ ਨਾਲ ਹੋਰਨਾਂ ਵਿਦਿਆਰਥੀਆਂ ਵਿੱਚ ਵੀ ਉਤਸ਼ਾਹ ਵਧੇਗਾ।