ਟੋਰਾਂਟੋ: ਕੈਨੇਡਾ ਰਹਿੰਦੇ ਇੱਕ ਕਾਰੋਬਾਰੀ ਨੇ ਇੱਕ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਜੀ.ਟੀ.ਏ. ਦੇ ਸਫ਼ਲ ਭਾਰਤੀ ਕਾਰੋਬਾਰੀ ਵਿਜੇਂਦਰਨ ਸੁਬਰਾਮਣੀਅਮ ਦਾ ਪਤਨੀ ਦੀ ਚਚੇਰੀ ਭੈਣ ਨਾਲ ਪ੍ਰੇਮ ਸਬੰਧ ਸਨ, ਜਿਸ ਦੇ ਚਲਦਿਆਂ ਉਸ ਨੇ ਫਿਰੌਤੀ ਦੇ ਕੇ ਕਾਤਲਾਂ ਤੋਂ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ। ਤਿੰਨ ਸਾਲ ਪਹਿਲਾਂ ਹੋਈ ਵਾਰਦਾਤ ਨਾਲ ਸਬੰਧਤ ਮੁਕੱਦਮੇ ਦੀ ਸੁਣਵਾਈ ਦੌਰਾਨ ਇਹ ਦਾਅਵਾ ਸਰਕਾਰੀ ਵਕੀਲ ਵੱਲੋਂ ਕੀਤਾ ਗਿਆ। ਉੱਧਰ ਪਹਿਲੇ ਦਰਜੇ ਦੇ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 45 ਸਾਲ ਦੇ ਵਿਜੇਂਦਰਨ ਬਾਲਾ ਸੁਬਰਾਮਣੀਅਮ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। 38 ਸਾਲ ਦੀ ਥੀਪਾ ਸੀਵਰਤਨਮ ‘ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਸਟੈਡਲੀ ਕੇਰ ਅਤੇ ਗੈਰੀ ਸੈਮੂਅਲ ਨੇ ਵੀ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ।
ਸਟੈਡਲੀ ਵਿਰੁੱਧ ਥੀਪਾ ਦੀ ਮਾਂ ਲੀਲਾਵਤੀ ਸ਼ਿਵਰਤਨਮ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਇਰਾਦਾ ਕਤਲ ਦਾ ਦੋਸ਼ ਵੀ ਲਾਇਆ ਗਿਆ ਹੈ। ਬੁੱਧਵਾਰ ਨੂੰ 74 ਸਾਲ ਦੀ ਲੀਲਾਵਤੀ ਨੇ ਅਦਾਲਤ ‘ਚ ਗਵਾਹੀ ਦਿੰਦਿਆਂ 13 ਮਾਰਚ 2020 ਦੀ ਘਟਨਾ ਵਿਸਤਾਰ ਨਾਲ ਦੱਸਿਆ। ਲੀਲਾਵਤੀ ਨੇ ਕਿਹਾ ਕਿ ਉਹ ਝਾੜੂ-ਪੋਚਾ ਲਾਉਣ ਦੀ ਤਿਆਰੀ ਕਰ ਰਹੀ ਸੀ ਜਦੋਂ ਦਰਵਾਜ਼ੇ ਦੀ ਘੰਟੀ ਵੱਜੀ। ਦਰਵਾਜ਼ਾ ਖੋਲ੍ਹਿਆ ਤਾਂ ਇਕ ਵਿਅਕਤੀ ਭੂਰੇ ਰੰਗ ਦਾ ਛੋਟਾ ਡੱਬਾ ਲੈ ਕੇ ਖੜ੍ਹਾ ਸੀ ਅਤੇ ਦਸਤਖ਼ਤ ਕਰਨ ਲਈ ਕਹਿਣ ਲੱਗਿਆ। ਇਸ ਦੌਰਾਨ ਥੀਪਾ ਵੀ ਆ ਗਈ ਜੋ ਆਪਣੇ ਕਮਰੇ ‘ਚ ਆਰਾਮ ਕਰ ਰਹੀ ਸੀ।
ਤਾਮਿਲ ਅਨੁਵਾਦਕ ਦੀ ਮਦਦ ਨਾਲ ਲੀਲਾਵਤੀ ਨੇ ਦੱਸਿਆ ਕਿ ਥੀਪਾ ਨੂੰ ਵੇਖਦਿਆਂ ਹੀ ਪਾਰਸਲ ਲੈ ਕੇ ਆਏ ਵਿਅਕਤੀ ਨੇ ਪਸਤੌਲ ਕੱਢੀ ਅਤੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਬੰਦੂਕਧਾਰੀ ਨੇ ਮੈਨੂੰ ਨਿਸ਼ਾਨਾ ਬਣਾਇਆ। ਕ੍ਰਾਊਨ ਅਟਾਰਨੀ ਸਿਲਵੇਨਾਂ ਨੇ ਵਿਜੇਂਦਰਨ ਅਤੇ ਥੀਪਾ ਦੀ ਵਿਆਹੁਤਾ ਜ਼ਿੰਦਗੀ ਬਾਰੇ ਪੁੱਛਿਆ ਤਾਂ ਲੀਲਾਵਤੀ ਨੇ ਦੱਸਿਆ ਕਿ ਇਹ ਪ੍ਰੇਮ ਵਿਆਹ ਸੀ ਪਰ ਕੁਝ ਸਮੇਂ ਬਾਅਦ ਦੋਵੇਂ ਜਣੇ ਵੱਖੋ ਵੱਖਰੇ ਕਮਰੇ ‘ਚ ਸੌਣ ਲੱਗੇ। ਥੀਪਾ ਨੇ ਕਈ ਵਾਰ ਰੋਂਦੇ ਰੋਂਦੇ ਦੱਸਿਆ ਕਿ ਵਿਜੇਂਦਰਨ ਉਸ ਨੂੰ ਕੁੱਟਦਾ ਹੈ। ਪ੍ਰੌਸੀਕਿਊਟਰ ਬੈਨ ਸਨੋਅ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਪਰਵਾਰਕ ਮੈਂਬਰ ਵਿਜੇਂਦਰਨ ਅਤੇ ਥੀਪਾ ਦੇ ਰਿਸ਼ਤੇ ਨੂੰ ਲੈ ਕੇ ਗਵਾਹੀ ਦੇਣਗੇ। ਫੋਨ ਰਾਹੀ ਹੋਈ ਚੈਟਿੰਗ ਦਾ ਜ਼ਿਕਰ ਕਰਦਿਆਂ ਬੈਨ ਸਨੋਅ ਨੇ ਕਿਹਾ ਕਿ ਬਾਲਾਸੁਬਰਾਮਣੀਅਮ ਥੀਪਾ ਦੀ ਕਜ਼ਨ ਨੂੰ ਰੋਮਾਂਟਿਕ ਸੁਨੇਹੇ ਭੇਜਦਾ ਸੀ। ਇਸ ਤੋਂ ਇਲਾਵਾ ਘਰ ਵਿੱਚ ਸਰਵੇਲੈਂਸ ਕੈਮਰਿਆਂ ਦਾ ਬੰਦ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਭ ਕੁਝ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋਇਆ।
ਇਸ ਤੋਂ ਇਲਾਵਾ ਪੁਲਿਸ ਨੇ ਉਸ ਕਾਲੇ ਰੰਗ ਦੀ ਬੇਵਰਲੇਅ ਕਰੂਜ਼ ਦੀ ਸ਼ਨਾਖਤ ਕਰ ਲਈ ਹੈ ਜੋ ਵਾਰਦਾਤ ਵਾਲੇ ਦਿਨ ਸੈਮੂਅਲ ਨੂੰ ਕਿਰਾਏ ‘ਤੇ ਦਿੱਤੀ ਗਈ ਸੀ। ਗੋਲੀਬਾਰੀ ਮੌਕੇ ਸਟੇਡਲੀ ਬੇਰੁਜ਼ਗਾਰ ਸੀ ਅਤੇ ਅਤੇ ਇਕ ਬੇਸਮੈਂਟ ‘ਚ ਰਹਿ ਰਿਹਾ ਸੀ। ਗੈਰੀ ਸੈਮੁਅਲਜ਼ ਇਕ ਲੈਂਡਸਕੇਪ ਕੰਪਨੀ ਚਲਾਉਂਦਾ ਸੀ ਜੋ ਕਈ ਵਾਰ ਸਟੇਡਲੀ ਦੀਆਂ ਸੇਵਾਵਾਂ ਲੈਂਦਾ। ਜਸਟਿਸ ਐਂਡਰਸ ਸ਼ਰੈਕ ਦੀ ਅਦਾਲਤ ਵਿਚ ਇਸ ਮੁਕੱਦਮੇ ਦੀ ਸੁਣਵਾਈ ਕਈ ਹਫ਼ਤੇ ਜਾਰੀ ਰਹਿ ਸਕਦੀ ਹੈ।