ਵਰਲਡ ਡੈਸਕ :- ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ‘ਤੇ ਵਿਆਗਰਾ ਦੀਆਂ 3,200 ਗੋਲ਼ੀਆਂ ਦੀ ਗ਼ੈਰ-ਕਾਨੂੰਨੀ ਦਰਾਮਦ ‘ਚ ਇਕ ਭਾਰਤੀ ਨੂੰ ਫੜਿਆ ਗਿਆ ਹੈ। ਇਨ੍ਹਾਂ ਗੋਲ਼ੀਆਂ ਦੀ ਕੀਮਤ ਲਗਪਗ 96 ਹਜ਼ਾਰ ਅਮਰੀਕੀ ਡਾਲਰ ਹੈ। ਅਮਰੀਕਾ ਦੇ ਕਸਟਮ ਡਿਊਟੀ ਤੇ ਕਸਟਮ ਸੁਰੱਖਿਆ ਵਿਭਾਗ ਨੇ ਬੀਤੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਯਾਤਰੀ ਦਾ ਨਾਂ ਨਾ ਦੱਸਦੇ ਹੋਏ ਕਿਹਾ ਕਿ ਉਹ ਭਾਰਤ ਤੋਂ ਅਮਰੀਕਾ ਪਰਤਿਆ ਸੀ। ਸਾਮਾਨ ਦੀ ਜਾਂਚ ਦੌਰਾਨ ਉਸ ਕੋਲੋਂ ਇਹ ਗੋਲ਼ੀਆਂ ਬਰਾਮਦ ਹੋਈਆਂ।
ਸੀਬੀਪੀ ਨੇ ਦੱਸਿਆ ਕਿ ਜਦੋਂ ਉਹ ਏਨੀ ਭਾਰੀ ਗਿਣਤੀ ‘ਚ ਵਿਆਗਰਾ ਦੀਆਂ ਗੋਲ਼ੀਆਂ ਲਿਆਉਣ ਸਬੰਧੀ ‘ਚ ਕੋਈ ਸੰਤੁਸ਼ਟੀਜਨਕ ਜਵਾਬ ਨਾ ਦੇ ਸਕਿਆ ਤਾਂ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ।
ਸੀਬੀਪੀ ਨੇ ਕਿਹਾ ਕਿ ਸਾਮਾਨ ਦੀ ਜਾਂਚ ਦੌਰਾਨ ਅਧਿਕਾਰੀਆਂ ਨੇ ਉਸ ਕੋਲੋਂ ਸਿਲਡੇਨਾਫਿਲ ਸਾਈਟ੍ਰੇਟ ਦੀਆਂ 3,200 ਗੋਲ਼ੀਆਂ ਬਰਾਮਦ ਕੀਤੀਆਂ। ਜਦੋਂ ਯਾਤਰੀ ਤੋਂ ਪੁੱਛਿਆ ਗਿਆ ਕਿ ਉਸ ਕੋਲ ਏਨੀਆਂ ਗੋਲ਼ੀਆਂ ਕਿਉਂ ਹਨ ਤਾਂ ਉਸ ਨੇ ਕਿਹਾ ਕਿ ਇਹ ਉਸ ਦੇ ਦੋਸਤਾਂ ਲਈ ਹਨ। ਸੀਬੀਪੀ ਨੇ ਕਿਹਾ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫਡੀਏ) ਡਾਕਟਰ ਦੀ ਪਰਚੀ ਨੂੰ ਆਧਾਰ ਬਣਾ ਕੇ ਖ਼ਰੀਦੀ ਗਈ ਕਿਸੇ ਵੀ ਦਵਾਈ ਨੂੰ ਦੇਸ਼ ‘ਚ ਲਿਆਉਣ ਦੀ ਇਜਾਜ਼ਤ ਨਹੀਂ ਦਿੰਦਾ ਹੈ।