ਵਾਸ਼ਿੰਗਟਨ: ਅਮਰੀਕਾ ਦੇ ਅਧਿਕਾਰੀਆਂ ਨੇ ਹਾਈਪਰਐਕਟੀਵਿਟੀ ਡਿਸਆਰਡਰ, ਨੀਂਦ ਸਬੰਧੀ ਇਲਾਜ ਲਈ ਅਲੱਗ-ਅਲੱਗ ਮਰੀਜ਼ਾਂ ਨੂੰ ਇੱਕ ਹੀ ਤਰ੍ਹਾਂ ਦੀ ਦਵਾਈ ਦੇਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਇੱਕ ਅਮਰੀਕੀ ਡਾਕਟਰ ਗੁਰਪ੍ਰੀਤ ਸਿੰਘ ਬਾਜਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
48 ਸਾਲਾ ਡਾਕਟਰ ਗੁਰਪ੍ਰੀਤ ਸਿੰਘ ਬਾਜਵਾ ‘ਤੇ ਦੋਸ਼ ਹੈ ਕਿ ਉਸ ਨੇ 1,000 ਤੋਂ ਵੱਧ ਮਰੀਜ਼ਾਂ ਨੂੰ ਲਗਭਗ 15,000 ਐਡੇਰਾਲ ਦਵਾਈ ਗੈਰ-ਕਾਨੂੰਨੀ ਢੰਗ ਨਾਲ ਦਿੱਤੀ ਹੈ। ਜਿਸ ਕਾਰਨ ਡਾਕਟਰ ਗੁਰਪ੍ਰੀਤ ਬਾਜਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਰਜੀਨੀਆ ਵਿਭਾਗ (ਓਕਟਨ) ਦੀਆਂ ਕਈ ਸਥਾਨਿਕ ਡਿਸਪੈਂਸਰੀਆਂ ਨੇ ਪਹਿਲਾਂ ਹੀ ਗੁਰਪ੍ਰੀਤ ਸਿੰਘ ਬਾਜਵਾ ਨੂੰ ਅਜਿਹਾ ਕਰਨ ਲਈ ਰੋਕਿਆ ਸੀ। ਮਿਲੀ ਜਾਣਕਾਰੀ ਮੁਤਾਬਕ ਸਾਲ 2012 ‘ਚ ਵਰਜੀਨੀਆ ਡਿਪਾਰਟਮੈਂਟ ਆਫ ਹੈਲਥ ਪ੍ਰੋਫੈਸ਼ਨ ਵੱਲੋਂ ਗੁਰਪ੍ਰੀਤ ਸਿੰਘ ਬਾਜਵਾ ਦਾ ਮੈਡੀਕਲ ਲਾਇੰਸੈਸ ਵੀ ਰੱਦ ਕਰ ਦਿੱਤਾ ਗਿਆ ਸੀ।
ਦੱਸ ਦਈਏ ਕਿ ਬੀਤੇ ਦਿਨੀਂ ਵੀ ਇੱਕ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਕੇਨ ਕੁਮਾਰ (50) ਨੂੰ ਇੱਕ ਹੈਲਥਕੇਅਰ ਫਰਾਡ ਯੋਜਨਾ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਦੋ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਕੇਨ ਕੁਮਾਰ ‘ਤੇ ਓਪਓਇਡ ਦਰਦ ਨਿਵਾਰਕ ਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਗੈਰ ਕਾਨੂੰਨੀ ਰੂਪ ਨਾਲ ਹਜ਼ਾਰਾਂ ਦਵਾਈਆਂ ਵੰਡਣ ਦਾ ਇਲਜ਼ਾਮ ਲੱਗਿਆ ਸੀ।